Kulgam News: ਕੁਲਗਾਮ ਜ਼ਿਲ੍ਹੇ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਚੋਟੀ ਦੇ ਕਮਾਂਡਰ ਸਮੇਤ ਹਿਜ਼ਬੁਲ ਮੁਜਾਹਿਦੀਨ ਦੇ 5 ਅੱਤਵਾਦੀ ਮਾਰੇ ਗਏ ਹਨ। ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ ਦੋ ਜਵਾਨ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਜ਼ਿਲੇ ਦੇ ਬੇਹੀਬਾਗ ਖੇਤਰ ਦੇ ਕਦੇਰ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਲਾਕੇ ‘ਚ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਭਾਰੀ ਗੋਲੀਬਾਰੀ ਕੀਤੀ, ਜਿਸਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ‘ਚ ਪੰਜ ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ‘ਚ ਹਿਜ਼ਬੁਲ ਮੁਜਾਹਿਦੀਨ ਦਾ ਸਵੈ-ਘੋਸ਼ਿਤ ਕਮਾਂਡਰ ਫਾਰੂਕ ਅਹਿਮਦ ਭੱਟ ਉਰਫ ਨਾਲੀ ਵੀ ਸ਼ਾਮਲ ਹੈ, ਜੋ ਦੱਖਣੀ ਕਸ਼ਮੀਰ ਦੇ ਖੇਤਰ ‘ਚ ਅੱਤਵਾਦੀ ਗਤੀਵਿਧੀਆਂ ਅਤੇ ਕਈ ਅਪਰਾਧਾਂ ‘ਚ ਸ਼ਾਮਲ ਸੀ। ਇਸ ਆਪਰੇਸ਼ਨ ‘ਚ ਮਾਰੇ ਗਏ ਹੋਰ ਅੱਤਵਾਦੀਆਂ ਦੀ ਪਛਾਣ ਇਰਫਾਨ ਲੋਨ, ਆਦਿਲ ਹੁਸੈਨ, ਮੁਸ਼ਤਾਕ ਇਟੂ ਅਤੇ ਯਾਸਿਰ ਜਾਵੇਦ ਵਜੋਂ ਹੋਈ ਹੈ। ਇਹ ਸਾਰੇ ਸਥਾਨਕ ਵਾਸੀ ਹਨ। ਸੁਰੱਖਿਆ ਬਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਪੁਲਿਸ ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਕਾਬਲੇ ਵਾਲੀ ਥਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਦੱਖਣੀ ਕਸ਼ਮੀਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਜਾਵੇਦ ਇਕਬਾਲ ਮੱਟੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਕਾਬਲੇ ਦੌਰਾਨ ਪੰਜ ਅਤਿਵਾਦੀ ਮਾਰੇ ਗਏ ਹਨ, ਜਦਕਿ ਦੋ ਜਵਾਨ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ