Ottawa News: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੁਨਿਆਦੀ ਮਤਭੇਦਾਂ ਦੇ ਚਲਦੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਸਤੀਫਾ ਜੇਣ ਦਾ ਐਲਾਨ ਕੀਤਾ ਹੈ। ਕ੍ਰਿਸਟੀਆ ਫਰੀਲੈਂਡ ਨੇ ਅਸਤੀਫਾ ਦੇਣ ਪਿੱਛੇ ਦੇਸ਼ ਦੀ ਭਵਿੱਖ ਦੀ ਆਰਥਕ ਦਿਸ਼ਾ ਦਾ ਹਵਾਲਾ ਦਿੰਤਾ ਹੈ।
ਫਰੀਲੈਂਡ ਨੇ ਕੈਨੇਡਾ ਦੀ ਮਹਾਂਮਾਰੀ ਮਗਰੋਂ ਮੁੜ ਉਭਾਰ ਦੀ ਰਣਨੀਤੀ ਨੂੰ ਆਕਾਰ ਦੇਣ ਅਤੇ ਨਾਫਟਾ ਦੀ ਮੁੜ ਗੱਲਬਾਤ ਸਮੇਤ ਵਪਾਰ ਸਮਝੌਤਿਆਂ ’ਤੇ ਗੱਲਬਾਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਅੱਜ ਕਿਹਾ ਕਿ ਉਨ੍ਹਾਂ ਕੈਨੇਡਾ ਲਈ ਅੱਗੇ ਵਧਣ ਦੇ ਸੱਭ ਤੋਂ ਵਧੀਆ ਰਸਤੇ ਨੂੰ ਲੈ ਕੇ ਉਨ੍ਹਾਂ ਦਾ ਟਰੂਡੋ ਨਾਲ ਮਤਭੇਦ ਸੀ।
ਫ੍ਰੀਲੈਂਡ ਅਤੇ ਟਰੂਡੋ ਵਿਚਾਲੇ ਅਸਹਿਮਤੀ ਕਥਿਤ ਤੌਰ ’ਤੇ ਅਸਥਾਈ ਟੈਕਸ ਛੋਟਾਂ ਅਤੇ ਨਵੇਂ ਖਰਚੇ ਦੇ ਉਪਾਵਾਂ ਦੇ ਪ੍ਰਸਤਾਵਿਤ ਸਰਕਾਰੀ ਪੈਕੇਜ ਦੇ ਆਲੇ-ਦੁਆਲੇ ਕੇਂਦਰਿਤ ਹੈ। ਅਚਾਨਕ ਅਸਤੀਫਾ ਦੇਣ ਦਾ ਕਾਰਨ ਸਰਕਾਰ ਕੋਲ ਵਿੱਤੀ ਪ੍ਰਬੰਧਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਪੱਤਝੜ ਰੁੱਤ ਦੇ ਪਾਰਲੀਮੈਂਟ ਸੈਸ਼ਨ ਵਿੱਚ ਸੋਮਵਾਰ ਨੂੰ ਦਿੱਤੀ ਜਾਣ ਵਾਲੀ ਤਾਜ਼ਾ ਵਿੱਤੀ ਜਾਣਕਾਰੀ ਵਿੱਚ ਇਸ 250 ਵਾਲੇ ਫੰਡ (ਵਾਅਦੇ) ਦਾ ਕੋਈ ਜ਼ਿਕਰ ਨਹੀਂ ਸੀ, ਕਿਉਂਕਿ ਬਜਟ ਘਾਟਾ ਪਹਿਲਾਂ ਹੀ 62 ਬਿਲੀਅਨ ’ਤੇ ਪਹੁੰਚ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਘੱਟਗਿਣਤੀ ਸਰਕਾਰ ਕੋਲ ਇਸ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿੱਚ ਕਿਸੇ ਹੋਰ ਪਾਰਟੀ ਦਾ ਸਮਰਥਨ ਵੀ ਨਹੀਂ ਸੀ। ਕੁਝ ਮਹੀਨਿਆਂ ਤੋਂ ਸਰਕਾਰ ਨੂੰ ਉਹ ਖਰਚੇ ਵੀ ਝੱਲਣੇ ਪੈ ਰਹੇ ਹਨ, ਜਿਨ੍ਹਾਂ ਦਾ ਚਿੱਤ ਚੇਤਾ ਵੀ ਨਹੀਂ ਸੀ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 25 ਫੀਸਦ ਟੈਰਿਫ ਤੇ ਸਰਹੱਦੀ ਸੁਰੱਖਿਆ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਕੈਨੇਡਾ ਨੂੰ ਸੀਮਾ ਸੁਰੱਖਿਆ ਦੀ ਮਜ਼ਬੂਤੀ ਲਈ ਆਧੁਨਿਕ ਸਮੱਗਰੀ ਅਤੇ ਨਫਰੀ ਵਾਧੇ ਲਈ ਅਚਾਨਕ ਇੱਕ ਅਰਬ ਡਾਲਰ ਤੋਂ ਵੱਧ ਦਾ ਪ੍ਰਬੰਧ ਕਰਨਾ ਪਿਆ ਹੈ।