New Delhi: ਪਿਛਲੇ 10 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ 101 ਮਰਜੀਵੜੇ ਜੱਥੇ ਦੀ ਅਗਵਾਈ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਮਲਕੀਤ ਸਿੰਘ ਤੇ ਹੋਰ ਕਰਨਗੇ। ਸਮੂਹ ਵਿੱਚ ਜਾਣ ਵਾਲੇ ਸਾਰੇ ਕਿਸਾਨ ਨਿਹੱਥੇ ਹੋਣਗੇ।
ਦਿੱਲੀ ਤੱਕ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ ਦੇ ਕੁਝ ਹਿੱਸਿਆਂ ਵਿੱਚ 14 ਦਸੰਬਰ ਨੂੰ ਸਵੇਰੇ 6 ਵਜੇ ਤੋਂ 17 ਦਸੰਬਰ ਰਾਤ 11:59 ਵਜੇ ਤੱਕ ਇੰਟਰਨੈੱਟ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ ਸੁਪਰੀਮ ਕੋਰਟ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਾਂਧੀਵਾਦੀ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਅਦਾਲਤ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬੋਰਡ ਖਾਲੀ ਕਰਨ ਲਈ ਮਨਾਉਣ ਲਈ ਵੀ ਕਿਹਾ ਹੈ। ਪਿਛਲੇ 17 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ‘ਤੇ ਚਿੰਤਾ ਜ਼ਾਹਰ ਕਰਦਿਆਂ ਅਦਾਲਤ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਸ਼ੁੱਕਰਵਾਰ ਨੂੰ ਖਨੌਰੀ ਸਰਹੱਦ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਨਿਗਰਾਨੀ ਕਰ ਰਹੀ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਡੱਲੇਵਾਲ ਦੇ ਸਰੀਰ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਕਮੀ ਹੈ। ਇਸ ਕਾਰਨ ਉਸ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। ਜਦੋਂ ਉਹ ਖੜ੍ਹਾ ਹੁੰਦਾ ਹੈ ਤਾਂ ਉਸਨੂੰ ਚੱਕਰ ਆਉਂਦੇ ਹਨ। ਉਲਟੀਆਂ ਹੋ ਰਹੀਆਂ ਹਨ ਅਤੇ ਪਾਣੀ ਵੀ ਅੰਦਰ ਨਹੀਂ ਜਾ ਰਿਹਾ ਹੈ। ਡੱਲੇਵਾਲ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਵੀ ਵਧ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਨੂੰ ਤੁਰੰਤ ਇਲਾਜ ਦੀ ਲੋੜ ਹੈ।