New Delhi: ਚੇਅਰਮੈਨ ਜਗਦੀਪ ਧਨਖੜ ਖਿਲਾਫ ਲਿਆਂਦੇ ਬੇਭਰੋਸਗੀ ਮਤੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਨੇ ਇਕ-ਦੂਜੇ ਖਿਲਾਫ ਖੂਬ ਹੰਗਾਮਾ ਕੀਤਾ। ਰੌਲੇ-ਰੱਪੇ ਦਰਮਿਆਨ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਡੈੱਡਲਾਕ ਖਤਮ ਕਰਨ ਦੀ ਅਪੀਲ ਕੀਤੀ। ਇਸਦੇ ਬਾਵਜੂਦ ਹੰਗਾਮਾ ਰੁਕਿਆ ਨਹੀਂ, ਜਿਸ ਕਾਰਨ ਚੇਅਰਮੈਨ ਨੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।
ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਜਿਵੇਂ ਹੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਨੇ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਸਦਨ ਦੀ ਤਰਫੋਂ ਅਤੇ 140 ਕਰੋੜ ਦੇਸ਼ਵਾਸੀਆਂ ਦੀ ਤਰਫ਼ੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡੀ ਗੁਕੇਸ਼ ਨੇ ਵਿਸ਼ਵ ਮੰਚ ‘ਤੇ ਭਾਰਤ ਦਾ ਝੰਡਾ ਲਹਿਰਾਇਆ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ। ਇਸ ਮਗਰੋਂ ਚੇਅਰਮੈਨ ਨੇ ਸਬੰਧਤ ਮੈਂਬਰਾਂ ਨੂੰ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ ’ਤੇ ਰੱਖਣ ਲਈ ਕਿਹਾ। ਕੇਂਦਰੀ ਰਾਜ ਮੰਤਰੀ ਐਲ ਮੁਰੂਗਨ ਨੇ ਸਦਨ ਵਿੱਚ ਪੈਂਡਿੰਗ ਬਿੱਲ ਬਾਰੇ ਆਪਣਾ ਬਿਆਨ ਦਿੱਤਾ।ਇਸ ਤੋਂ ਬਾਅਦ ਚੇਅਰਮੈਨ ਨੇ ਸਦਨ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਅੱਜ ਨਿਯਮ 267 ਤਹਿਤ ਚਾਰ ਨੋਟਿਸ ਮਿਲੇ ਹਨ। ਉਨ੍ਹਾਂ ਨੇ ਮੈਂਬਰ ਰਾਮਮੋਹਨ ਅਗਰਵਾਲ ਨੂੰ ਬੇਭਰੋਸਗੀ ਮਤੇ ‘ਤੇ ਬੋਲਣ ਦਾ ਮੌਕਾ ਦਿੱਤਾ। ਅਗਰਵਾਲ ਨੇ ਦੋਸ਼ ਲਾਇਆ ਕਿ ਨਿਯਮਾਂ ਤਹਿਤ ਅਜਿਹਾ ਪ੍ਰਸਤਾਵ 14 ਦਿਨਾਂ ਦੀ ਉਡੀਕ ਤੋਂ ਬਾਅਦ ਸਦਨ ਵਿੱਚ ਰੱਖਿਆ ਜਾਣਾ ਚਾਹੀਦਾ ਸੀ। ਇਸ ਪ੍ਰਸਤਾਵ ਨੂੰ ਰੱਖਣ ਤੋਂ ਪਹਿਲਾਂ ਵਿਰੋਧੀ ਧਿਰ ਮੀਡੀਆ ਵਿੱਚ ਆਪਣਾ ਬਿਆਨ ਪੇਸ਼ ਕਰਦੀ ਹੈ। ਇਹ ਨਿਯਮਾਂ ਦੀ ਉਲੰਘਣਾ ਹੈ, ਇਸ ਲਈ ਇਨ੍ਹਾਂ ਸਾਰਿਆਂ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਪ੍ਰਸਤਾਵ ਲਿਆਂਦਾ ਜਾਣਾ ਚਾਹੀਦਾ ਹੈ।
#WATCH | Ruckus in Rajya Sabha over no confidence motion against Chairman Jagdeep Dhankhar
Chairman Jagdeep Dhankhar says, “I am a farmer’s son, I will not show weakness. I will sacrifice my life for my country. You (opposition) have only one job 24 hours a day, why is a… pic.twitter.com/REIFQlD1GR
— ANI (@ANI) December 13, 2024
ਇਸ ‘ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਦਨ ‘ਚ ਕਾਂਗਰਸ ਪਾਰਟੀ ਦਾ ਅਪਮਾਨ ਕੀਤਾ ਜਾ ਰਿਹਾ ਹੈ। ਦੋਵਾਂ ਪਾਸਿਆਂ ਤੋਂ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਚੇਅਰਮੈਨ ਨੇ ਦੋਵੇਂ ਧਿਰਾਂ ਨੂੰ ਡੈੱਡਲਾਕ ਖਤਮ ਕਰਨ ਦੀ ਬੇਨਤੀ ਕੀਤੀ ਅਤੇ ਸਦਨ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।
ਹਿੰਦੂਸਥਾਨ ਸਮਾਚਾਰ