Punjab News: ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਜਨਵਰੀ 2025 ਤੋਂ ‘ਉਰਦੂ ਆਮੋਜ਼’ ਦੀ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਰਦੂ ਭਾਸ਼ਾ ਇਕ ਬਹੁਤ ਹੀ ਮਿੱਠੀ ਤੇ ਪਿਆਰੀ ਜ਼ੁਬਾਨ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਵਿਸਥਾਰਪੂਰਵਕ ਗਿਆਨ ਹਾਸਲ ਕਰਨ ਲਈ ਉਰਦੂ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਹੈ। ਪੱਛਮੀ ਪੰਜਾਬ ਵਿੱਚ ਸਾਰਾ ਪੰਜਾਬੀ ਸਾਹਿਤ ਸ਼ਾਹਮੁਖੀ ਲਿਪੀ ਵਿੱਚ ਰਚਿਆ ਗਿਆ ਹੈ। ਉਥੋਂ ਦੇ ਕਈ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ‘ਸ਼ਾਹਮੁਖੀ’ ਦੇ ਨਾਲ ਨਾਲ ਗੁਰਮੁਖੀ ਲਿਪੀ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ ਲਈ ਦੋਹਾਂ ਲਿਪੀਆਂ ‘ਸ਼ਾਹਮੁਖੀ’ ਅਤੇ ਗੁਰਮੁਖੀ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਵਿਦਿਆਰਥੀਆਂ ਲਈ ‘ਉਰਦੂ ਆਮੋਜ਼’ ਦੀ ਸਿਖਲਾਈ ਦਾ ਕੋਰਸ ਬਹੁਤ ਲਾਹੇਵੰਦ ਹੈ।ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਿਖੇ ‘ਉਰਦੂ ਆਮੋਜ਼’ ਦੀ ਸਿਖਲਾਈ ਲਈ ਬਹੁਤ ਹੀ ਤਜ਼ਰਬੇਕਾਰ ਅਤੇ ਕਾਬਲ ਅਧਿਆਪਕ ਹਨ। ਇਹ ਸਿਖਲਾਈ ਜਨਵਰੀ ਮਹੀਨੇ (2025) ਤੋਂ ਸ਼ੁਰੂ ਹੋ ਕੇ ਜੂਨ (2025) ਮਹੀਨੇ ਤੱਕ ਚੱਲੇਗੀ। ਇਸ ਸਿਖਲਾਈ ਦੀ ਮਿਆਦ ਛੇ ਮਹੀਨੇ ਦੀ ਹੈ। ਇਸ ਸਿਖਲਾਈ ਦੀ ਸਮੁੱਚੀ ਇੱਕ ਵਾਰ ਦੀ ਫੀਸ 500/- ਰੁਪਏ ਹੈ। ਇਸ ਜਮਾਤ ਦਾ ਸਮਾਂ ਸ਼ਾਮ 5.00 ਵਜੇ ਤੋਂ ਲੈ ਕੇ 6.00 ਵਜੇ ਤੱਕ ਦਾ ਹੈ। ਇਸ ਲਈ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀ ਮਿਤੀ 10.01.2025 ਤੱਕ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਭਵਨ), ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਆਪਣਾ ਫਾਰਮ (ਸਮੇਤ ਇਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀ ਫੋਟੋ ਕਾਪੀ) ਭਰ ਕੇ ਦਾਖਲਾ ਲੈ ਸਕਦੇ ਹਨ। ਉਰਦੂ ਆਮੋਜ਼ ਦੀ ਸਿਖਲਾਈ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਦਫ਼ਤਰ ਦੀ ਈਮੇਲ dlo.patiala1@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ