New Delhi: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਲਗਭਗ 388 ਕਰੋੜ ਰੁਪਏ ਦੀ ਨਵੀਂ ਜਾਇਦਾਦ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਛੱਤੀਸਗੜ੍ਹ ਦੇ ਕਈ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੇ ਕਥਿਤ ਤੌਰ ‘ਤੇ ਸ਼ਾਮਲ ਹੋਣ ਦਾ ਦੋਸ਼ ਹੈ।ਕੇਂਦਰੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਦੱਸਿਆ ਕਿ ਈਡੀ ਰਾਏਪੁਰ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ, 2002 (ਪੀਐਮਐਲਏ) ਦੇ ਉਪਬੰਧਾਂ ਦੇ ਤਹਿਤ 05 ਦਸੰਬਰ, 2024 ਨੂੰ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਕੁਰਕ ਕੀਤਾ ਹੈ। ਏਜੰਸੀ ਦੇ ਅਨੁਸਾਰ, ਇਨ੍ਹਾਂ ਸੰਪਤੀਆਂ ਵਿੱਚ ਮਾਰੀਸ਼ਸ ਅਧਾਰਤ ਕੰਪਨੀ ਮੈਸਰਜ਼ ਟੈਨੋ ਇਨਵੈਸਟਮੈਂਟ ਅਪਰਚੂਨਿਟੀਜ਼ ਫੰਡ ਦੁਆਰਾ ਐਫਪੀਆਈ ਅਤੇ ਐਫਡੀਆਈ ਦੇ ਮਾਧਿਅਮ ਰਾਹੀਂ ਹਰੀ ਸ਼ੰਕਰ ਟਿਬਰੇਵਾਲ ਨਾਲ ਸਬੰਧਤ ਨਿਵੇਸ਼ ਅਤੇ ਛੱਤੀਸਗੜ੍ਹ, ਮੁੰਬਈ ਅਤੇ ਮੱਧ ਪ੍ਰਦੇਸ਼ ਅਧਾਰਤ ਕਈ ਸੱਟੇਬਾਜ਼ੀ ਐਪਸ ਅਤੇ ਵੈਬਸਾਈਟਾਂ ਦੇ ਪ੍ਰਮੋਟਰ, ਪੈਨਲ ਆਪਰੇਟਰ ਅਤੇ ਪ੍ਰਮੋਟਰਾਂ ਦੇ ਸਹਿਯੋਗੀਆਂ ਦੇ ਨਾਮ ’ਤੇ ਮੌਜੂਦ ਸੰਪਤੀਆਂ ਹਨ।
ਈਡੀ ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਲਈ 5 ਦਸੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਇੱਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਦੀ ਕੁੱਲ ਕੀਮਤ 387.99 ਕਰੋੜ ਰੁਪਏ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਟਿਬਰੇਵਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਜਾਂਚ ਦੌਰਾਨ ਅਜਿਹੇ ਕਈ ਹੁਕਮ ਜਾਰੀ ਕੀਤੇ ਗਏ ਹਨ ਅਤੇ ਤਾਜ਼ਾ ਹੁਕਮਾਂ ਨਾਲ ਹੁਣ ਤੱਕ 2,295.61 ਕਰੋੜ ਰੁਪਏ ਦੀ ਜਾਇਦਾਦ ਜਾਂ ਤਾਂ ਫ਼ੀਜ਼, ਕੁਰਕ ਜਾਂ ਜ਼ਬਤ ਕੀਤੀ ਜਾ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ