Reserve Bank Of India: ਭਾਰਤੀ ਰਿਜ਼ਰਵ ਬੈਂਕ (RBI) ਨੇ ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਦੇ ਮੁਕਾਬਲੇ ਇਸ ਸਾਲ ਅਕਤੂਬਰ ਵਿੱਚ ਸਭ ਤੋਂ ਵੱਧ 27 ਟਨ ਸੋਨਾ ਖਰੀਦਿਆ ਹੈ। ਇਸ ਨਾਲ ਦੇਸ਼ ਦਾ ਸੋਨੇ ਦਾ ਭੰਡਾਰ ਵਧ ਕੇ 882 ਟਨ ਹੋ ਗਿਆ ਹੈ, ਜਿਸ ਵਿਚੋਂ 510 ਟਨ ਸੋਨਾ ਦੇਸ਼ ਵਿਚ ਹੀ ਮੌਜੂਦ ਹੈ।
ਵਰਲਡ ਗੋਲਡ ਕਾਉਂਸਿਲ (ਡਬਲਯੂ.ਜੀ.ਸੀ.) ਵੱਲੋਂ ਜਾਰੀ ਰਿਪੋਰਟ ਮੁਤਾਬਕ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਅਕਤੂਬਰ ਵਿੱਚ ਕੁੱਲ 60 ਟਨ ਸੋਨਾ ਖਰੀਦਿਆ। ਰਿਜ਼ਰਵ ਬੈਂਕ ਨੇ ਸਭ ਤੋਂ ਵੱਧ 27 ਟਨ ਸੋਨਾ ਖਰੀਦਿਆ। ਇਸ ਤੋਂ ਬਾਅਦ ਤੁਰਕੀ ਦਾ ਸੈਂਟਰਲ ਬੈਂਕ 17 ਟਨ ਸੋਨੇ ਨਾਲ ਭਾਰਤ ਦੇ ਆਰਬੀਆਈ ਤੋਂ ਬਾਅਦ ਦੂਜੇ ਅਤੇ ਪੋਲੈਂਡ 8 ਟਨ ਸੋਨੇ ਨਾਲ ਤੀਜੇ ਸਥਾਨ ‘ਤੇ ਰਿਹਾ।
ਰਿਪੋਰਟ ਮੁਤਾਬਕ ਭਾਰਤ, ਤੁਰਕੀ ਅਤੇ ਪੋਲੈਂਡ ਦੇ ਕੇਂਦਰੀ ਬੈਂਕਾਂ ਦੀ ਕੁੱਲ ਗਲੋਬਲ ਸੋਨੇ ਦੀ ਖਰੀਦ ‘ਚ 60 ਫੀਸਦੀ ਹਿੱਸੇਦਾਰੀ ਹੈ। ਸੋਨਾ ਖਰੀਦਣ ਦੇ ਮਾਮਲੇ ‘ਚ ਚੀਨ ਦਾ ਕੇਂਦਰੀ ਬੈਂਕ ਚੌਥੇ ਅਤੇ ਅਜ਼ਰਬਾਈਜਾਨ ਪੰਜਵੇਂ ਸਥਾਨ ‘ਤੇ ਰਿਹਾ। ਕਜ਼ਾਕਿਸਤਾਨ ਦੇ ਕੇਂਦਰੀ ਬੈਂਕ ਨੇ ਲਗਾਤਾਰ ਪੰਜ ਮਹੀਨਿਆਂ ਤੱਕ ਇਸ ਨੂੰ ਵੇਚਣ ਤੋਂ ਬਾਅਦ ਅਕਤੂਬਰ ਵਿੱਚ ਪਹਿਲੀ ਵਾਰ ਸੋਨਾ ਖਰੀਦਿਆ।
ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮਾਸਿਕ ਰਿਪੋਰਟ ‘ਤੇ ਆਧਾਰਿਤ WGC ਦੇ ਅੰਕੜਿਆਂ ਮੁਤਾਬਕ ਉੱਭਰਦੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਸੋਨੇ ਦੀ ਖਰੀਦ ‘ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਆਰਬੀਆਈ ਨੇ ਇਸ ਸਾਲ ਜਨਵਰੀ ਤੋਂ ਅਕਤੂਬਰ ਤੱਕ ਕੁੱਲ 77 ਟਨ ਸੋਨਾ ਖਰੀਦਿਆ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪੰਜ ਗੁਣਾ ਵੱਧ ਹੈ।
ਰਿਪੋਰਟ ਮੁਤਾਬਕ ਇਸ ਸਮੇਂ ਦੌਰਾਨ ਤੁਰਕੀ ਨੇ ਆਪਣੇ ਸੋਨੇ ਦੇ ਭੰਡਾਰ ਵਿੱਚ 72 ਟਨ ਅਤੇ ਪੋਲੈਂਡ ਨੇ 62 ਟਨ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਸਿੰਗਾਪੁਰ ਸਮੇਤ ਕਈ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਅਕਤੂਬਰ ‘ਚ ਸੋਨਾ ਵੇਚਿਆ ਹੈ। ਇਨ੍ਹਾਂ ਵਿੱਚ ਜਰਮਨੀ, ਮੰਗੋਲੀਆ, ਜਾਰਡਨ, ਥਾਈਲੈਂਡ ਅਤੇ ਫਿਲੀਪੀਨਜ਼ ਵੀ ਸ਼ਾਮਲ ਹਨ।