Jalandhar News: ਬਾਬੂਲਾਭ ਸਿੰਘ ਨਗਰ ਦੇ ਨਾਲ ਲੱਗਦੇ ਰਾਜ ਨਗਰ ਦੇ ਇਕ ਘਰ ਵਿਚ ਸਵੇਰੇ ਤੜਕੇ ਭਿਆਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ ਫੱਟਣ ਕਾਰਨ ਘਰ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਆਸ-ਪਾਸ ਦੇ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਈਆਂ। ਇਸ ਭਿਆਨਕ ਅੱਗ ਵਿਚ ਫਾਇਰ ਵਿਭਾਗ ਦੇ ਦੋ ਕਰਮਚਾਰੀ ਵੀ ਝੁਲਸ ਗਏ। ਘਟਨਾ ਵਿਚ ਫਾਇਰ ਬ੍ਰਿਗੇਡ ਦੇ ਕਰਮੀ ਰਮਨਦੀਪ ਸਿੰਘ ਅਤੇ ਅਭੀ ਗਿੱਲ ਦੇ ਚਿਹਰੇ ਸੜ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਘਰ ਵਿਚ ਅੱਗ ਲੱਗ ਗਈ। ਫਾਇਰ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਘਰ ਵਿਚ ਖਿਡੌਣੇ ਪਏ ਸਨ। ਸੂਤਰਾਂ ਅਨੁਸਾਰ ਅੱਗ ਲੱਗਣ ਸਮੇਂ ਘਰ ’ਚ ਕੋਈ ਮੌਜੂਦ ਨਹੀਂ ਸੀ। ਘਰ ਵਿਚ ਵੱਡੀ ਮਾਤਰਾ ਵਿਚ ਪਲਾਸਟਿਕ ਦਾ ਸਮਾਨ ਪਿਆ ਹੋਣ ਕਾਰਨ ਅੱਗ ਕੁਝ ਦੇਰ ਵਿਚ ਹੀ ਫੈਲ ਗਈ।
ਹਿੰਦੂਸਥਾਨ ਸਮਾਚਾਰ