Sangrur News: 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ ਰਹਿੰਦੇ 411 ਉਮੀਦਵਾਰਾਂ ਦੀ ਤੁਰੰਤ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਮਰਨ ਵਰਤ ਰੱਖਣ ਵਾਲੇ ਜੱਥੇ ਵਿਚ ਸ਼ਾਮਿਲ ਡਾ. ਪਰਮਜੀਤ ਸਿੰਘ ਪੰਜਾਬੀ ਵਿਸ਼ੇ ਤੋਂ, ਜਸਵੰਤ ਸਿੰਘ ਹਿੰਦੀ ਵਿਸ਼ੇ ਤੋਂ ਅਤੇ ਸੁਰਿੰਦਰ ਸਿੰਘ ਚੌਧਰੀ ਅੰਗਰੇਜ਼ੀ ਵਿਸ਼ੇ ਤੋਂ ਚੁਣੇ ਹੋਏ ਸਹਾਇਕ ਪ੍ਰੋਫ਼ੈਸਰ ਹਨ।ਪਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ 23 ਸਤੰਬਰ 2024 ਨੂੰ 1158 ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪਰ ਸਰਕਾਰ ਭਰਤੀ ਨੂੰ ਅੱਧ ਵਿਚਾਲੇ ਲਟਕਾ ਰਹੀ ਹੈ। 411 ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਦੇ ਬਾਵਜੂਦ 70 ਦਿਨਾਂ ਤੋਂ ਖੱਜਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਭਰਤੀ ਨੇਪਰੇ ਚੜ੍ਹਾਉਣ ਦੇ ਸਿਲਸਿਲੇ ਵਿਚ ਸਿੱਖਿਆ ਸਕੱਤਰ ਨਾਲ ਮੀਟਿੰਗ ਦਾ ਵਾਅਦਾ ਕੀਤਾ ਸੀ। ਪੰਜਾਬ ਵਿਰੋਧੀ ਅਫ਼ਸਰਸ਼ਾਹੀ ਵਾਲਾ ਕਿਰਦਾਰ ਦਿਖਾਉਂਦੇ ਹੋਏ ਸਿੱਖਿਆ ਸਕੱਤਰ ਕੇ.ਕੇ.ਯਾਦਵ ਮੀਟਿੰਗ ਤੋਂ ਮੁੱਕਰ ਗਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਕੋਲ ਪੰਜਾਬ ਦੇ ਧੀਆਂ ਪੁੱਤਾਂ ਦੀ ਸਿੱਖਿਆ ਬਾਰੇ ਫ਼ਿਕਰਮੰਦ ਹੋਣ ਦਾ ਸਮਾਂ ਨਹੀਂ ਹੈ।ਜਸਵੰਤ ਸਿੰਘ ਨੇ ਕਿਹਾ ਕਿ ਜ਼ਿਮਨੀ ਚੋਣਾਂ ਵੇਲੇ ਸੰਘਰਸ਼ ਦੌਰਾਨ 10 ਨਵੰਬਰ ਦੇ ਗਿੱਦੜਬਾਹਾ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਤੋਂ ਆ ਰਹੀ ਬੱਸ ਸੜਕ ਹਾਦਸੇ ਨੁਕਸਾਨੀ ਗਈ ਸੀ ਤੇ 15 ਤੋਂ ਵੱਧ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਜਸਵੰਤ ਸਿੰਘ ਓਹਨਾਂ ਜ਼ਖ਼ਮੀ ਪ੍ਰੋਫ਼ੈਸਰਾਂ ਵਿਚੋਂ ਇਕ ਹਨ ਤੇ ਨੱਕ ਦੀ ਹੱਡੀ ਸਮੇਤ ਪੂਰੇ ਸਰੀਰ ‘ਤੇ ਸੱਟਾਂ ਹਨ।ਸੁਰਿੰਦਰ ਚੌਧਰੀ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਸਾਨੂੰ ਜਬਰਨ ਪੁਲਿਸ ਤੋਂ ਚੁਕਵਾ ਕੇ ਸਰਕਾਰ ਨੇ ਆਪਣੇ ਸਿੱਖਿਆ ਅਤੇ ਭਾਸ਼ਾਵਾਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਪਿਛਲੇ ਹਫ਼ਤੇ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੌਰਾਨ ਮਹਿਲਾ ਪ੍ਰੋਫ਼ੈਸਰਾਂ ਦੀਆਂ ਚੁੰਨੀਆਂ ਰੋਲ਼ੀਆਂ ਗਈਆਂ ਅਤੇ ਵਾਲ ਖਿੱਚੇ ਗਏ।ਜਸਪ੍ਰੀਤ ਕੌਰ ਨੇ ਦੱਸਿਆ ਕਿ ਨਿਯੁਕਤੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਵਿਚ ਅੰਗਰੇਜ਼ੀ ਦੇ 154, ਪੰਜਾਬੀ ਦੇ 142, ਹਿੰਦੀ ਦੇ 30, ਭੂਗੋਲ ਦੇ 15, ਐਜੂਕੇਸ਼ਨ ਦੇ 03 ਸਹਾਇਕ ਪ੍ਰੋਫ਼ੈਸਰ ਅਤੇ 67 ਲਾਇਬ੍ਰੇਰੀਅਨ ਕਾਲਜਾਂ ਵਿਚ ਨਿਯੁਕਤ ਹੋਣੋਂ ਰਹਿੰਦੇ ਹਨ। ਮਨੀਸ਼ ਕੁਮਾਰ ਨੇ ਕਿਹਾ ਕਿ ਇਹ ਮਸਲਾ ਇਕੱਲੀ 1158 ਉਮੀਦਵਾਰਾਂ ਦੀ ਭਰਤੀ ਦਾ ਹੀ ਨਹੀਂ ਬਲਕਿ ਸਰਕਾਰੀ ਕਾਲਜਾਂ ਨੂੰ ਬਚਾਉਣ ਦਾ ਮਸਲਾ ਹੈ। ਸਰਕਾਰੀ ਕਾਲਜਾਂ ਵਿਚ ਪਿਛਲੇ 25 ਸਾਲਾਂ ਤੋਂ ਪ੍ਰੋਫ਼ੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ।ਬਲਵਿੰਦਰ ਚਹਿਲ ਨੇ ਕਿਹਾ ਕਿ ਫ਼ਰੰਟ ਦੀ ਇੱਕੋ ਇੱਕ ਮੰਗ ਹੈ ਕਿ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਕਾਲਜਾਂ ਵਿਚ ਨਿਯੁਕਤ ਕਰਕੇ 1158 ਭਰਤੀ ਮੁਕੰਮਲ ਕੀਤੀ ਜਾਵੇ। ਉਹਨਾਂ ਚੇਤਾਵਨੀ ਦਿੱਤੀ ਕਿ ਇਹ ਭਰਤੀ ਹੁਣ ਜਿਉਣ ਮਰਨ ਦਾ ਸਵਾਲ ਬਣ ਚੁੱਕਿਆ ਹੈ, ਜੇਕਰ ਸਰਕਾਰ ਭਰਤੀ ਨੂੰ ਮੁਕੰਮਲ ਕਰਨ ਵੱਲ ਠੋਸ ਕਦਮ ਨਹੀ ਪੁੱਟਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ