New Delhi News: ਲੋਕ ਸਭਾ ਅਤੇ ਰਾਜ ਸਭਾ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਿਹਾ ਡੈੱਡਲਾਕ ਖ਼ਤਮ ਹੋਣ ਜਾ ਰਿਹਾ ਹੈ। ਸੋਮਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਲੋਕ ਸਭਾ ਸਪੀਕਰ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਇਹ ਸਹਿਮਤੀ ਬਣੀ ਕਿ ਮੰਗਲਵਾਰ ਤੋਂ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।
ਲੋਕ ਸਭਾ ਦੇ ਸਪੀਕਰ ਨਾਲ ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਆਸ ਪ੍ਰਗਟਾਈ ਕਿ ਸਾਰੀਆਂ ਪਾਰਟੀਆਂ ਸਦਨ ਨੂੰ ਚਲਾਉਣ ਵਿੱਚ ਮਦਦ ਕਰਨ ਲਈ ਮਿਲ ਕੇ ਕੰਮ ਕਰਨਗੀਆਂ। ਉਨ੍ਹਾਂ ਦੱਸਿਆ ਕਿ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਆਗੂ ਆਗਿਆ ਲੈ ਕੇ ਆਪਣਾ ਹਰ ਵਿਸ਼ਾ ਸਦਨ ਵਿੱਚ ਰੱਖ ਸਕਦੇ ਹਨ।
ਰਿਜਿਜੂ ਨੇ ਦੱਸਿਆ ਕਿ ਅੱਜ ਦੀ ਬੈਠਕ ‘ਚ ਸੰਵਿਧਾਨ ‘ਤੇ ਚਰਚਾ ਕਰਨ ‘ਤੇ ਵੀ ਸਹਿਮਤੀ ਬਣੀ ਹੈ। ਲੋਕ ਸਭਾ ਵਿੱਚ 13-14 ਦਸੰਬਰ ਯਾਨੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਚਰਚਾ ਹੋਵੇਗੀ। ਇਸ ‘ਤੇ 16-17 ਦਸੰਬਰ ਨੂੰ ਰਾਜ ਸਭਾ ‘ਚ ਚਰਚਾ ਹੋਵੇਗੀ।
ਜ਼ਿਕਰਯੋਗ ਹੈ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਸੰਭਲ ‘ਚ ਹੋਈ ਹਿੰਸਾ ਅਤੇ ਅਮਰੀਕਾ ‘ਚ ਅਡਾਨੀ ਦੀ ਜਾਂਚ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੰਗਾਮਾ ਚੱਲ ਰਿਹਾ ਸੀ। ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ‘ਤੇ ਚਰਚਾ ਦੀ ਮੰਗ ਕਰ ਰਹੀ ਸੀ। ਇਸ ਦੌਰਾਨ ਵਿਰੋਧੀ ਧਿਰ ਨੇ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਮੌਕੇ ਦੋਵਾਂ ਸਦਨਾਂ ਵਿੱਚ ਵਿਸ਼ੇਸ਼ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ।
ਅੱਜ ਹੋਈ ਮੀਟਿੰਗ ਵਿੱਚ ਟੀਡੀਪੀ ਤੋਂ ਲਵੂ ਸ਼੍ਰੀਕ੍ਰਿਸ਼ਨ ਦੇਵਰਾਯਾਲੂ, ਕਾਂਗਰਸ ਤੋਂ ਗੌਰਵ ਗੋਗੋਈ, ਡੀਐਮਕੇ ਤੋਂ ਟੀਆਰ ਬਾਲੂ, ਐਨਸੀਪੀ (ਸ਼ਰਦਚੰਦਰ) ਤੋਂ ਸੁਪ੍ਰਿਆ ਸੁਲੇ, ਸਪਾ ਤੋਂ ਧਰਮਿੰਦਰ ਯਾਦਵ, ਜਨਤਾ ਦਲ (ਯੂ) ਤੋਂ ਦਿਲੇਸ਼ਵਰ ਕਾਮੈਤ, ਆਰਜੇਡੀ ਤੋਂ ਅਭੈ ਕੁਸ਼ਵਾਹਾ, ਤ੍ਰਿਣਮੂਲ ਤੋਂ ਕਲਿਆਣ ਬੈਨਰਜੀ, ਸ਼ਿਵ ਸੈਨਾ (ਯੂਬੀਟੀ) ਤੋਂ ਅਰਵਿੰਦ ਸਾਵੰਤ ਅਤੇ ਸੀਪੀਆਈ (ਐਮ) ਤੋਂ ਕੇ. ਰਾਧਾਕ੍ਰਿਸ਼ਨਨ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ।
ਹਿੰਦੂਸਥਾਨ ਸਮਾਚਾਰ