Washington D.C.: ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਆਪਣੇ ਬੇਟੇ ਹੰਟਰ ਬਿਡੇਨ ਨੂੰ ਬਿਨਾਂ ਸ਼ਰਤ ਮਾਫੀ ਦੇ ਦਿੱਤੀ। ਰਾਸ਼ਟਰਪਤੀ ਬਿਡੇਨ ਨੇ ਐਤਵਾਰ ਰਾਤ ਨੂੰ ਹੰਟਰ ਲਈ ਆਪਣੀ ਬਿਨਾਂ ਸ਼ਰਤ ਮਾਫੀ ਦਾ ਐਲਾਨ ਕੀਤਾ। ਹੰਟਰ ਇਸ ਸਮੇਂ ਗੈਰ-ਕਾਨੂੰਨੀ ਤੌਰ ‘ਤੇ ਬੰਦੂਕ ਖਰੀਦਣ ਅਤੇ ਟੈਕਸ ਲਈ ਸੰਘੀ ਦੋਸ਼ਸਿੱਧੀ ਸਮੇਤ ਕਈ ਕਾਨੂੰਨੀ ਪੇਚੀਦਗੀਆਂ ਦਾ ਸਾਹਮਣਾ ਕਰ ਰਹੇ ਸੀ।
ਦਿ ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਵ੍ਹਾਈਟ ਹਾਊਸ ਨੇ ਇਸ ਸਬੰਧ ਵਿਚ ਇਕ ਬਿਆਨ ਜਾਰੀ ਕੀਤਾ। ਬਿਆਨ ਦੇ ਅਨੁਸਾਰ, ਬਿਡੇਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਮੁਆਫੀ ਦੇਣ ਦਾ ਫੈਸਲਾ ਕੀਤਾ ਹੈ। ਬਿਡੇਨ ਨੇ ਕਿਹਾ ਕਿ “ਉਹ ਹੰਟਰ ਨੂੰ 01 ਜਨਵਰੀ, 2014 ਤੋਂ 01 ਦਸੰਬਰ, 2024 ਤੱਕ ਦੇ ਅਪਰਾਧਾਂ ਲਈ ਮਾਫੀ ਦੇ ਰਹੇ ਹਨ।”ਬਿਡੇਨ ਨੇ ਬਿਆਨ ‘ਚ ਕਿਹਾ ਕਿ ਹੰਟਰ ‘ਤੇ ਲੱਗੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਸਨ। ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਇਹ ਦੋਸ਼ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਲਾਏ ਗਏ ਸਨ। ਬਿਡੇਨ ਨੇ ਕਿਹਾ, “ਇਲਜ਼ਾਮ ਉਦੋਂ ਲੱਗੇ, ਜਦੋਂ ਕਾਂਗਰਸ ਵਿੱਚ ਮੇਰੇ ਕਈ ਰਾਜਨੀਤਿਕ ਵਿਰੋਧੀਆਂ ਨੇ ਉਨ੍ਹਾਂ ਨੂੰ ਮੇਰੇ ‘ਤੇ ਹਮਲਾ ਕਰਨ ਅਤੇ ਮੇਰੀ ਚੋਣ ਦਾ ਵਿਰੋਧ ਕਰਨ ਲਈ ਉਕਸਾਇਆ।’’ ਉਨ੍ਹਾਂ ਕਿਹਾ ਕਿ ਹੰਟਰ ਦੇ ਬਹਾਨੇ ’ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਲਗਾਤਾਰ ਹਮਲਿਆਂ ਦੇ ਬਾਵਜੂਦ ਹੰਟਰ ਸਾਢੇ ਪੰਜ ਸਾਲਾਂ ਤੱਕ ਸ਼ਾਂਤ ਰਹੇ। ਵਰਣਨਯੋਗ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੂਜਾ ਕਾਰਜਕਾਲ ਬਿਡੇਨ ਵਿਰੁੱਧ ਬਦਲਾ ਲੈਣ ‘ਤੇ ਕੇਂਦਰਿਤ ਹੋਵੇਗਾ। ਇਸ ਵਿੱਚ ਹੰਟਰ ਬਿਡੇਨ ਮੁੱਖ ਨਿਸ਼ਾਨਾ ਹੋਣਗੇ। ਯਾਦ ਰਹੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਕਾਸ਼ ਪਟੇਲ ਨੂੰ ਐਫਬੀਆਈ ਦਾ ਡਾਇਰੈਕਟਰ ਨਾਮਜ਼ਦ ਕੀਤਾ ਹੈ।ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਹੰਟਰ ਨੂੰ ਤੋੜਨ ਦੀ ਕੋਸ਼ਿਸ਼ ਵਿਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਸਭ ਹੁਣ ਨਹੀਂ ਰੁਕਦਾ, ਇਸ ਲਈ ਉਨ੍ਹਾਂ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨੀ ਪਈ। ਅਮਰੀਕੀ ਲੋਕ ਸਮਝਣਗੇ ਕਿ ਇੱਕ ਪਿਤਾ ਅਤੇ ਰਾਸ਼ਟਰਪਤੀ ਨੇ ਇਹ ਫੈਸਲਾ ਕਿਉਂ ਲਿਆ।ਮੁਆਫੀ ਦੇ ਐਲਾਨ ਤੋਂ ਬਾਅਦ, ਹੰਟਰ ਨੇ ਵੀ ਆਪਣਾ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਆਪਣੀ ਲਤ ਦੇ ਸਭ ਬੁਰੇ ਦਿਨਾਂ ਦੌਰਾਨ ਆਪਣੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਗਲਤੀਆਂ ਕਾਰਨ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਆਸੀ ਖੇਡਾਂ ਲਈ ਜਨਤਕ ਤੌਰ ‘ਤੇ ਅਪਮਾਨਿਤ ਅਤੇ ਸ਼ਰਮਿੰਦਾ ਕੀਤਾ ਗਿਆ।ਵਰਣਨਯੋਗ ਹੈ ਕਿ ਹੰਟਰ ਨੂੰ ਡੇਲਾਵੇਅਰ ਕੋਰਟ ਵਿਚ 4 ਦਸੰਬਰ ਨੂੰ ਸਜ਼ਾ ਸੁਣਾਈ ਜਾਣੀ ਸੀ। ਗੈਰ-ਕਾਨੂੰਨੀ ਢੰਗ ਨਾਲ ਬੰਦੂਕ ਖਰੀਦਣ ਦੀ ਵੱਧ ਤੋਂ ਵੱਧ ਸਜ਼ਾ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਪਰ ਕਈ ਕਾਨੂੰਨ ਮਾਹਿਰਾਂ ਅਨੁਸਾਰ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਅਪਰਾਧਿਕ ਮਾਮਲਾ ਸੀ, ਇਸ ਲਈ ਉਨ੍ਹਾਂ ਨੂੰ 12 ਤੋਂ 16 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਬਿਡੇਨ ਨੇ ਕਿਹਾ ਸੀ ਕਿ ਉਹ ਹੰਟਰ ਨੂੰ ਮੁਆਫ ਨਹੀਂ ਕਰਨਗੇ।
ਹਿੰਦੂਸਥਾਨ ਸਮਾਚਾਰ