Chandigarh News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਡੇਢ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾਈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਹਮੇਸ਼ਾ ਹੀ ਕਾਇਮ ਰੱਖਿਆ ਜਾਂਦਾ ਹੈ।
ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਆਗੂਆਂ ਨੂੰ ਲਾਈ ਧਾਰਮਿਕ ਸਜ਼ਾ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਤੱਤਕਾਲੀਨ ਕੈਬਨਿਟ ਨੂੰ ਪੰਥਕ ਸਜ਼ਾ ਲਗਾਈ ਹੈ। ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਰਛੀ ਲੈ ਕੇ ਬੈਠਣਗੇ। ਉਨ੍ਹਾਂ ਨੂੰ ਆਪਣੇ ਗਲੇ ਵਿੱਚ ਤਖ਼ਤੀ ਪਾ ਕੇ 2 ਦਿਨ ਬੈਠਣਗੇ’। ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਵਿਖੇ ਵੀ 2-2 ਦਿਨ 2 ਘੰਟੇ ਦੀ ਸੇਵਾ ਲਾਈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਵਿੱਚ ਕੈਬਨਿਟ ਮੈਂਬਰ ਰਹੇ ਆਗੂ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ ਕਰਨਗੇ। ਇਸ ਤੋਂ ਬਾਅਦ ਉਹ ਇਸ਼ਨਾਨ ਕਰਕੇ ਲੰਗਰ ਘਰ ਵਿੱਚ ਸੇਵਾ ਕਰਨਗੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨੇ ਹੋਣਗੇ। ਇਸ ਤੋਂ ਇਲਾਵਾ ਡੇਰਾ ਮੁਖੀ ਦੀ ਮੁਆਫ਼ੀ ਲਈ ਦਿੱਤੇ ਇਸ਼ਤਿਹਾਰ ਦੀ ਰਾਸ਼ੀ ਵਿਆਜ ਸਮੇਤ ਖਾਤਾ ਸ਼ਾਖਾ ‘ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਇਹ ਸਾਰੇ ਕੱਲ੍ਹ 3 ਤਰੀਕ ਨੂੰ ਸੰਗਤਾਂ ਲਈ ਦਰਬਾਰ ਸਾਹਿਬ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ। ਜੋੜਿਆਂ ਦੀ ਸੇਵਾ ਕਰਨਗੇ। 3 ਦਸੰਬਰ ਨੂੰ 12 ਤੋਂ 1 ਵਜੇ ਤੱਕ ਬਾਥਰੂਮ ਸਾਫ਼ ਕਰਨਗੇ। ਫਿਰ ਇਸ਼ਨਾਨ ਕਰਕੇ ਲੰਗਰ ਘਰ ‘ਚ ਬਰਤਨ ਮਾਂਜਣ ਦੀ ਸੇਵਾ ਲਗਾਈ। ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸੇਵਾਦਾਰਾਂ ਦਾ ਚੋਲਾ ਪਾ ਕੇ ਗਲ ‘ਚ ਤਖਤੀ ਪਾ ਕੇ ਅਤੇ ਹੱਥ ‘ਚ ਬਰਛਾ ਫੜ ਕੇ ਬੈਠਣਗੇ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ। ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ‘ਹਾਂ’ ਜਾਂ ‘ਨਾਂਹ ਵਿਚ ਜਵਾਬ ਦੇਣ ਲਈ ਆਖਿਆ ਸੀ। ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਉਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਕਈ ਭੁੱਲਾਂ ਹੋਈਆਂ।ਉਨ੍ਹਾਂ ਨੇ ਗੋਲੀਕਾਂਡ ਦਾ ਗੁਨਾਹ ਵੀ ਕਬੂਲ ਕੀਤਾ। ਇਸ਼ਤਿਹਾਰਾਂ ਨੂੰ ਲੈ ਕੇ ਵੀ ਗੁਨਾਹ ਕਬੂਲਿਆ। ਇਸ ਦੌਰਾਨ ਸੁਖਦੇਵ ਢੀਂਡਸਾ ਨੇ ਇਕ ਗੁਨਾਹ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਆਗੂਆਂ ਨੂੰ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਏਜੰਸੀਆਂ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਬੜ੍ਹਾਵਾ ਦਿੱਤਾ। ਸਿੱਖ ਨੌਜਵਾਨਾਂ ਉਤੇ ਤਸ਼ੱਦਦ ਢਾਹੇ ਗਏ।
ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੇਰਾ ਸੱਚਾ ਸੌਦਾ ਦੇ ਮੁਆਫੀ ਦੀ ਹਮਾਇਤ ਵਾਲਾ ਆਪਣਾ ਬਿਆਨ ਨਹੀਂ ਮੰਨਿਆ ਅਤੇ ਉਨ੍ਹਾਂ ਨੇ ਕਿਹਾ ਕਿ ਦਫਤਰ ਵੱਲੋਂ ਇਹ ਬਿਆਨ ਦਿਵਾਇਆ ਗਿਆ ਸੀ।
ਦਸਣਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ਼ਾਮਿਲ ਰਹੇ।
ਜੋ ਆਗੂ ਤਲਬ ਕੀਤੇ ਆਗੂ ਉਹ ਇਸ ਤਰ੍ਹਾਂ ਹਨ-
ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀਨ ਪ੍ਰਧਾਨ ਸੁਖਬੀਰ ਸਿੰਘ ਬਾਦਲ
ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ (ਬਾਦਲ)
ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਮਹੇਸ਼ਇੰਦਰ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਲੰਗਾਹ, ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ।
ਸਾਬਕਾ ਕੈਬਨਿਟ ਮੰਤਰੀ
ਡਾ. ਉਪਿੰਦਰਜੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ, ਹੀਰਾ ਸਿੰਘ ਗਾਬੜੀਆ, ਸਰਵਣ ਸਿੰਘ ਫਿਲੌਰ, ਸੋਹਣ ਸਿੰਘ ਠੰਡਲ, ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਬਿਕਰਮਜੀਤ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਮਹੇਸ਼ਇੰਦਰ ਸਿੰਘ ਗਰੇਵਾਲ।
ਅੰਤਰਿੰਗ ਕਮੇਟੀ ਸ਼੍ਰੋਮਣੀ ਕਮੇਟੀ
ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਕੇਵਲ ਸਿੰਘ ਬਾਦਲ ਯੂਨੀਅਨ ਮੀਤ ਪ੍ਰਧਾਨ, ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਰਾਮਪਾਲ ਸਿੰਘ ਬੈਨੀਵਾਲ ਮੈਂਬਰ, ਰਾਜਿੰਦਰ ਸਿੰਘ ਮਹਿਤਾ ਮੈਂਬਰ, ਮੋਹਨ ਸਿੰਘ ਬੰਗੀ ਮੈਂਬਰ, ਗੁਰਬਚਨ ਸਿੰਘ ਕਰਮੂਵਾਲਾ ਮੈਂਬਰ, ਭਜਨ ਸਿੰਘ ਸ਼ੇਰਗਿੱਲ ਮੈਂਬਰ, ਸੁਰਜੀਤ ਸਿੰਘ ਗੜੀ ਮੈਂਬਰ, ਨਿਰਮੈਲ ਸਿੰਘ ਜੋਲਾਂ ਮੈਂਬਰ, ਕਰਨੈਲ ਸਿੰਘ ਪੰਜੋਲੀ ਮੈਂਬਰ, ਮੰਗਲ ਸਿੰਘ ਮੈਂਬਰ।
ਕੀ ਹੁੰਦੀ ਹੈ ਤਨਖਾਈਆ ਦੀ ਸਜ਼ਾ ?
ਸਿੱਖ ਧਰਮ ਨਾਲ ਜੁੜੇ ਲੋਕ ਜਾਣਦੇ ਹਨ ਕਿ ਤਨਖਾਈਆ ਕੀ ਹੁੰਦਾ ਹੈ। ਤਨਖਾਈਏ ਦਾ ਅਰਥ ਹੈ ਕਿਸੇ ਧਾਰਮਿਕ ਅਪਰਾਧੀ ਜਾਂ ਦੋਸ਼ੀ ਵਿਅਕਤੀ ਦਾ ਹੁੱਕਾ-ਪਾਣੀ ਰੋਕਣਾ। ਜੇਕਰ ਕੋਈ ਵੀ ਸਿੱਖ ਆਪਣੇ ਧਾਰਮਿਕ ਨਿਯਮਾਂ ਨੂੰ ਪਾਸੇ ਰੱਖ ਕੇ ਕੋਈ ਫੈਸਲਾ ਲੈਂਦਾ ਹੈ ਤਾਂ ਅਕਾਲ ਤਖ਼ਤ ਕੋਲ ਉਸਨੂੰ ਬਣਦੀ ਸਜ਼ਾ ਦੇਣ ਦਾ ਅਧਿਕਾਰ ਹੈ। ਤਨਖਾਈਆ ਐਲਾਨਿਆ ਹੋਇਆ ਵਿਅਕਤੀ ਨਾ ਹੀ ਕਿਸੇ ਗੱਦੀ ‘ਤੇ ਜਾ ਸਕਦਾ ਹੈ। ਅਤੇ ਨਾ ਹੀ ਕਿਤੇ ਅਰਦਾਸ ਕਰ ਸਕਦਾ ਹੈ, ਜੇਕਰ ਕੋਈ ਉਸ ਦੀ ਤਰਫ਼ੋਂ ਅਰਦਾਸ ਕਰਦਾ ਹੈ ਤਾਂ ਉਹ ਵੀ ਦੋਸ਼ੀ ਮੰਨਿਆ ਜਾਂਦਾ ਹੈ। ਇਹਨਾਂ ਵਿੱਚੋਂ ਬਹੁਤਿਆਂ ਨੂੰ ਗੁਰੂਘਰ ਵਿੱਚ ਭਾਂਡੇ ਮਾਂਜਣ, ਝਾੜੂ ਲਗਾਉਣ ਦੀ ਸੇਵਾ ਲਗਾ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਭੁੱਲ ਬਖ਼ਸਾਉਣ ਲਈ ਗੁਰਬਾਣੀ ਪਾਠ ਕਰਨ ਦੀ ਸੇਵਾ ਵੀ ਲਗਾਈ ਜਾਂਦੀ ਹੈ। ਜਦਕਿ ਕੁੱਝ ਮਾਮਲਿਆਂ ਵਿੱਚ ਤਨਖ਼ਾਹੀਆ ਕਰਾਰ ਦਿੱਤੇ ਸਿੱਖਾਂ ਨੂੰ ਸਖ਼ਤ ਸਜ਼ਾ ਵੀ ਲੱਗੀ ਹੈ। ਜੇਕਰ ਦੋਸ਼ੀ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਦੀ ਮੁਆਫੀ ਮੰਗਦਾ ਹੈ ਤਾਂ ਉਸਨੂੰ ਵੀ ਮੁਆਫੀ ਦਿੱਤੀ ਜਾਂਦੀ ਹੈ। ਸੁਖਬੀਰ ਬਾਦਲ ਵੱਲੋਂ ਮੁਆਫੀਨਾਮਾ ਸੌਂਪਣ ਤੋਂ ਬਾਅਦ ਵੀ ਮੁਆਫੀ ਨਹੀਂ ਦਿੱਤੀ ਗਈ। ਉਨ੍ਹਾਂ ‘ਤੇ ਸਿੱਖ ਧਰਮ ਦੀ ਮਰਿਆਦਾ ਦੇ ਵਿਰੁੱਧ ਜਾਣ ਦੇ ਦੋਸ਼ ਸਾਬਤ ਹੋ ਗਏ ਅਤੇ ਉਨ੍ਹਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ