Mumbai News: ਪੋਰਨੋਗ੍ਰਾਫ਼ੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਸ਼ੁੱਕਰਵਾਰ ਸਵੇਰ ਤੋਂ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਮੁੰਬਈ ਸਥਿਤ ਘਰ ‘ਤੇ ਛਾਪੇਮਾਰੀ ਕਰ ਰਹੀ ਹੈ। ਈਡੀ ਦੀ ਇਹ ਕਾਰਵਾਈ ਰਾਜ ਕੁੰਦਰਾ ਦੇ ਕਰੀਬੀ ਮੰਨੇ ਜਾਂਦੇ ਲੋਕਾਂ ਦੇ ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਕਰੀਬ 15 ਟਿਕਾਣਿਆਂ ‘ਤੇ ਚੱਲ ਰਹੀ ਹੈ। ਇਸ ਛਾਪੇਮਾਰੀ ਦੇ ਵੇਰਵੇ ਅਜੇ ਪ੍ਰਾਪਤ ਨਹੀਂ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਈਡੀ ਰਾਜ ਕੁੰਦਰਾ ਦੇ ਘਰ ਤੋਂ ਕੁਝ ਡਿਜੀਟਲ ਦਸਤਾਵੇਜ਼ਾਂ ਨੂੰ ਖੰਘਾਲ ਰਹੀ ਹੈ।
ਸੂਤਰਾਂ ਮੁਤਾਬਕ ਈਡੀ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ, ਗੋਰਖਪੁਰ ਅਤੇ ਕੁਸ਼ੀਨਗਰ ਸਮੇਤ ਘੱਟੋ-ਘੱਟ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਗੋਰਖਪੁਰ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਈਡੀ ਨੇ ਇਹ ਕਾਰਵਾਈ ਮੋਬਾਈਲ ਐਪਸ ਰਾਹੀਂ ਅਸ਼ਲੀਲ ਸਮੱਗਰੀ ਤਿਆਰ ਕਰਨ ਅਤੇ ਫੈਲਾਉਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਲਈ ਕੀਤੀ ਹੈ।
ਈਡੀ ਨੇ ਸ਼ੁੱਕਰਵਾਰ ਨੂੰ ਲਖਨਊ ਵਿੱਚ ਇੱਕ ਰਿਹਾਇਸ਼ੀ ਫਲੈਟ ਅਟੈਚ ਕਰ ਲਿਆ। ਇਸਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਹੈ। ਈਡੀ ਨੇ ਸੋਸ਼ਲ ਮੀਡੀਆ ਐਕਸ ’ਤੇ ਪੋਸਟ ਕਰਕੇ ਦੱਸਿਆ ਕਿ ਪੀਐਮਐਲਏ, 2002 ਦੀਆਂ ਧਾਰਾਵਾਂ ਦੇ ਤਹਿਤ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮੈਸਰਜ਼ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਨੇ ਡਾਇਰੈਕਟਰ ਅਨਿਲ ਕੁਮਾਰ ਤੁਲਸਿਆਨੀ ਦੇ ਲਖਨਊ ਵਿੱਚ ਸਥਿਤ ਰਿਹਾਇਸ਼ੀ ਫਲੈਟ ਦੇ ਰੂਪ ਵਿੱਚ 1.5 ਕਰੋੜ ਰੁਪਏ ਦੀ 01 ਅਚੱਲ ਜਾਇਦਾਦ ਅਸਥਾਈ ਤੌਰ ‘ਤੇ ਕੁਰਕ ਕੀਤੀ ਹੈ।
ਜਾਣਕਾਰੀ ਮੁਤਾਬਕ ਪੋਰਨੋਗ੍ਰਾਫੀ ਮਾਮਲੇ ‘ਚ ਮੁੰਬਈ ਪੁਲਸ ਦੀ ਟੀਮ ਨੇ 2021 ‘ਚ ਰਾਜ ਕੁੰਦਰਾ ਖਿਲਾਫ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਰਾਜ ਕੁੰਦਰਾ ਨੂੰ ਜੁਲਾਈ 2021 ਵਿੱਚ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਰਾਜ ਕੁੰਦਰਾ ਨੂੰ ਸਤੰਬਰ 2021 ਵਿੱਚ ਜ਼ਮਾਨਤ ਮਿਲ ਗਈ ਸੀ। ਹਾਲਾਂਕਿ ਇਸ ਮਾਮਲੇ ਦੀ ਜਾਂਚ ਜਾਰੀ ਸੀ। ਹੁਣ ਈਡੀ ਦੀ ਟੀਮ ਇਸ ਮਾਮਲੇ ਦੀ ਮਨੀ ਲਾਂਡਰਿੰਗ ਐਂਗਲ ਤੋਂ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ