ਮਰਣ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਆਏ ਕਿਸਾਨਾਂ ਨੂੰ ਪੁਲਸ ਵੱਲੋਂ ਰਰੋਕਿਆ ਗਿਆ। ਜਿਸ ਨੂੰ ਲੈ ਕੇ ਪੁਲਸ ਅਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਜਿਸ ਤੋਂ ਬਾਅਦ ਲੁਧਿਆਣਾ ਡੀਐਮਸੀ ਹਸਪਤਾਲ ’ਚ ਤਗੜਾ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਲਸ ਕਿਸਾਨਾਂ ਨੂੰ ਡੱਲੇਵਾਲ ਨਾਲ ਮਿਲਣ ਤੋਂ ਰੋਕ ਰਹੀ ਸੀ। ਜਿਸ ਤੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਆਏ ਸਨ।
ਦੱਸ ਦਈਏ ਕਿ ਲੁਧਿਆਣਾ ਡੀਐਮਸੀ ਹਸਪਤਾਲ ’ਚ ਕਿਸਾਨਾਂ ਨਾਲ ਪੁਲਸ ਦੀ ਲੰਬੀ ਬਹਿਸ ਹੋਈ। ਕਿਸਾਨਾਂ ਨੇ ਪੁੱਛਿਆ ਕਿ ਹੁਕਮ ਕਿਸਨੇ ਦਿੱਤੇ ਹਨ? ਉਨ੍ਹਾਂ ਨੂੰ ਮੌਕੇ ‘ਤੇ ਬੁਲਾਇਆ ਜਾਵੇ। ਪੁਲਸ ਵਾਲੇ ਇਸ ਲਈ ਤਿਆਰ ਨਹੀਂ ਸੀ। ਜਿਸ ਤੋਂ ਬਾਅਦ ਕਿਸਾਨ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਇਸ ਮਗਰੋਂ ਪੁਲਸ ਨੇ ਦੋ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਹੈ।ਹਾਲਾਂਕਿ ਕਈ ਕਿਸਾਨ ਡੀਐਮਸੀ ਵਿੱਚ ਹੀ ਸਨ। ਜੋ ਕਿ ਡੱਲੇਵਾਲ ਨੂੰ ਮਿਲਣ ‘ਤੇ ਅੜੇ ਹੋਏ ਸਨ।
ਪੰਜਾਬ ਸਰਕਾਰ ਕਿਸਾਨਾਂ ਨੂੰ ਮੀਟਿੰਗ ਕਰਕੇ ਸ਼ਾਂਤ ਕਰੇਗੀ। ਜਦੋਂਕਿ ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਡੱਲੇਵਾਲ ਨੂੰ ਮੋਰਚੇ ਵਿੱਚ ਨਹੀਂ ਲਿਆਉਂਦੀ, ਉਦੋਂ ਤੱਕ ਉਹ ਕਿਸੇ ਵੀ ਮੁੱਦੇ ‘ਤੇ ਗੱਲ ਨਹੀਂ ਕਰਨਗੇ। ਦੱਸ ਦਈਏ ਕਿ ਫਰਵਰੀ ਮਹੀਨੇ ਤੋਂ ਕਿਸਾਨ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੁੱਦਿਆਂ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਸਰਹੱਦ ‘ਤੇ ਸੰਘਰਸ਼ ਕਰ ਰਹੇ ਹਨ।
ਦਸ ਦਇਏ ਕਿ ਕਿਸਾਨ ਆਗੂ ਡੱਲੇਵਾਲ 26 ਨਵੰਬਰ ਨੂੰ ਆਪਣਾ ਮਰਨ ਵਰਤ ਸ਼ੁਰੂ ਕਰਨ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਸ ਹਿਰਾਸਤ ਵਿੱਚ ਡੱਲੇਵਾਲ ਨੂੰ ਇਹ ਤੀਜਾ ਦਿਨ ਹੈ। ਇਸ ਦੌਰਾਨ ਕਿਸੇ ਨੂੰ ਵੀ ਡੱਲੇਵਾਲ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਨਾਲ ਗੱਲ ਕਰਨ ਦਿੱਤੀ ਗਈ।