Washington, D.C. : ਸੰਯੁਕਤ ਰਾਜ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਪ੍ਰਵਾਸੀਆਂ ਦੇ ਗੈਰ-ਕਾਨੂੰਨੀ ਪ੍ਰਵੇਸ਼ ਵਿਰੁੱਧ ਮੈਕਸੀਕੋ ਦੀ ਕਾਰਵਾਈ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਲਿਖਿਆ, ”ਮੈਕਸੀਕੋ ਦੀ ਨਵੀਂ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਪਾਰਡੋ ਨਾਲ ਬਹੁਤ ਸਕਾਰਾਤਮਕ ਗੱਲਬਾਤ ਹੋਈ।” ਉਹ ਮੈਕਸੀਕੋ ਰਾਹੀਂ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਵਾਸ ਨੂੰ ਰੋਕਣ, ਸਾਡੀ ਦੱਖਣੀ ਸਰਹੱਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ’ਤੇ ਸਹਿਮਤ ਹੋ ਗਈ ਹਨ।’’
ਉਨ੍ਹਾਂ ਕਿਹਾ, ‘‘ਅਸੀਂ ਇਸ ਬਾਰੇ ਵੀ ਗੱਲ ਕੀਤੀ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਨਸ਼ਿਆਂ ਦੇ ਵੱਡੇ ਪੱਧਰ ‘ਤੇ ਪ੍ਰਵਾਹ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ। ਗੱਲਬਾਤ ਬਹੁਤ ਸਾਰਥਕ ਰਹੀ। ਮੈਕਸੀਕੋ ਤੁਰੰਤ ਪ੍ਰਭਾਵ ਨਾਲ ਲੋਕਾਂ ਨੂੰ ਸਾਡੀ ਦੱਖਣੀ ਸਰਹੱਦ ਪਾਰ ਕਰਨ ਤੋਂ ਰੋਕੇਗਾ। ਇਹ ਕਦਮ ਸੰਯੁਕਤ ਰਾਜ ਅਮਰੀਕਾ ਵਿੱਚ ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਇੱਕ ਲੰਮਾ ਸਫ਼ਰ ਤੈਅ ਕਰੇਗਾ।’’ ਟਰੰਪ ਨੇ ਇਸ ਲਈ ਮੈਕਸੀਕੋ ਦੇ ਰਾਸ਼ਟਰਪਤੀ ਪਾਰਡੋ ਦਾ ਧੰਨਵਾਦ ਕੀਤਾ ਹੈ।
ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਪਾਰਡੋ ਨੇ ਵੀ ਆਪਣੇ ਐਕਸ ਹੈਂਡਲ ‘ਤੇ ਟਰੰਪ ਨਾਲ ਆਪਣੀ ਗੱਲਬਾਤ ਦੇ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਲਿਖਿਆ, “ਰਾਸ਼ਟਰਪਤੀ ਟਰੰਪ ਨਾਲ ਮੇਰੀ ਗੱਲਬਾਤ ਵਿੱਚ, ਮੈਂ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਪਰਵਾਸ ਦੇ ਵਰਤਾਰੇ ਨੂੰ ਹੱਲ ਕਰਨ ਲਈ ਮੈਕਸੀਕੋ ਦੁਆਰਾ ਅਪਣਾਈ ਗਈ ਵਿਆਪਕ ਰਣਨੀਤੀ ਬਾਰੇ ਦੱਸਿਆ। ਸਰਹੱਦ ‘ਤੇ ਪਹੁੰਚਣ ਤੋਂ ਪਹਿਲਾਂ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਸਮੂਹ ਦੀ ਜਾਂਚ ਕੀਤੀ ਜਾਂਦੀ ਹੈ।’’
ਪਾਰਡੋ ਨੇ ਕਿਹਾ ਕਿ ਅਸੀਂ ਮੈਕਸੀਕੋ ਦੀਆਂ ਸਰਹੱਦਾਂ ਨੂੰ ਬੰਦ ਨਹੀਂ ਕਰਨ ਜਾ ਰਹੇ ਹਾਂ। ਅਸੀਂ ਸਰਕਾਰਾਂ ਅਤੇ ਲੋਕਾਂ ਵਿਚਕਾਰ ਪੁਲ ਬਣਨ ਲਈ ਵਚਨਬੱਧ ਹਾਂ। ਡੋਨਾਲਡ ਟਰੰਪ ਨਾਲ ਚੰਗੀ ਗੱਲਬਾਤ ਹੋਈ। ਅਸੀਂ ਆਪਣੀ ਪ੍ਰਭੂਸੱਤਾ ਦੇ ਢਾਂਚੇ ਦੇ ਅੰਦਰ ਸੁਰੱਖਿਆ ਮੁੱਦਿਆਂ ‘ਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਖਪਤ ਨੂੰ ਰੋਕਣ ਲਈ ਦੇਸ਼ ਵਿੱਚ ਚਲਾਈ ਜਾ ਰਹੀ ਮੁਹਿੰਮ ਬਾਰੇ ਵੀ ਚਰਚਾ ਕੀਤੀ।
ਹਿੰਦੂਸਥਾਨ ਸਮਾਚਾਰ