Bathinda: ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਸ ਬਲ ਬੁਲਾਉਣਾ ਪਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਪੁਲਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਜਿਹਾ ਹੀ ਹਾਲ ਮਾਨਸਾ ਵਿੱਚ ਵੀ ਦੇਖਣ ਨੂੰ ਮਿਲਿਆ।
ਕਿਸਾਨ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਜ਼ਮੀਨ ਦਾ ਉਚਿਤ ਮੁਆਵਜ਼ਾ ਨਹੀਂ ਦਿੱਤਾ। ਜਦੋਂਕਿ ਬਠਿੰਡਾ ਦੇ ਡੀਸੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਲੋੜੀਂਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ।
ਭਾਰਤਮਾਲਾ ਪ੍ਰੋਜੈਕਟ ਇੱਕ ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰੋਜੈਕਟ ਹੈ। ਇਸ ਵਿੱਚ ਸਰਹੱਦਾਂ ਅਤੇ ਅੰਤਰਰਾਸ਼ਟਰੀ ਪੱਧਰ ਨੂੰ ਜੋੜਨ ਵਾਲੇ ਵਿਕਾਸ ਪ੍ਰੋਜੈਕਟ ਸ਼ਾਮਲ ਹਨ। ਇਸ ਪ੍ਰੋਜੈਕਟ ਵਿੱਚ ਬੰਦਰਗਾਹਾਂ ਅਤੇ ਸੜਕਾਂ, ਰਾਸ਼ਟਰੀ ਕੋਰੀਡੋਰ ਵਿੱਚ ਸੁਧਾਰ ਅਤੇ ਰਾਸ਼ਟਰੀ ਗਲਿਆਰੇ ਦਾ ਵਿਕਾਸ ਵੀ ਸ਼ਾਮਲ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ 669 ਕਿਲੋਮੀਟਰ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਨਿਰਮਾਣ ਕਰ ਰਹੀ ਹੈ। ਇਸ ਦਾ ਕੰਮ ਕਈ ਪੜਾਵਾਂ ਵਿੱਚ ਚੱਲ ਰਿਹਾ ਹੈ। ਇਹ ਹਾਈਵੇਅ ਜੰਮੂ-ਕਟੜਾ ਤੱਕ ਜਾਵੇਗਾ। ਪਰ ਜ਼ਮੀਨ ਐਕੁਆਇਰ ਕਰਨ ਦਾ ਮਾਮਲਾ ਪੰਜਾਬ ਵਿੱਚ ਕਈ ਥਾਵਾਂ ’ਤੇ ਅਟਕਿਆ ਹੋਇਆ ਹੈ। ਕਿਸਾਨ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕਰ ਰਹੇ ਹਨ।