New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ‘ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਐਕਸ ਹੈਂਡਲ ‘ਤੇ ਖੁਸ਼ੀ ਜ਼ਾਹਰ ਕਰਦਿਆਂ ਦੇਸ਼ ਦੀ ਟੀਮ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, “ਇੱਕ ਬੇਮਿਸਾਲ ਪ੍ਰਾਪਤੀ! ਸਾਡੀ ਹਾਕੀ ਟੀਮ ਨੂੰ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ‘ਤੇ ਵਧਾਈ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਕਾਮਯਾਬੀ ਕਈ ਆਗਾਮੀ ਐਥਲੀਟਾਂ ਨੂੰ ਪ੍ਰੇਰਿਤ ਕਰੇਗੀ।’’
ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਏਸ਼ੀਅਨ ਚੈਂਪੀਅਨਸ ਟਰਾਫੀ 2024 ਦਾ ਖਿਤਾਬ ਜਿੱਤ ਲਿਆ। ਭਾਰਤ ਨੇ ਫਾਈਨਲ ਮੈਚ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਪੂਰੇ ਟੂਰਨਾਮੈਂਟ ਵਿੱਚ ਆਪਣਾ ਅਜੇਤੂ ਰਿਕਾਰਡ ਕਾਇਮ ਰੱਖਿਆ। ਰਾਜਗੀਰ ਦੇ ਮੈਦਾਨ ‘ਤੇ ਖੇਡਿਆ ਗਿਆ ਇਹ ਮੈਚ ਭਾਰਤੀ ਟੀਮ ਲਈ ਇਤਿਹਾਸਕ ਬਣ ਗਿਆ।
ਫਾਈਨਲ ਮੈਚ ਵਿੱਚ ਪਹਿਲਾ ਅਤੇ ਫੈਸਲਾਕੁੰਨ ਗੋਲ ਦੀਪਿਕਾ ਨੇ ਤੀਜੇ ਕੁਆਰਟਰ ਦੇ ਦੂਜੇ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਕੀਤਾ। ਦੀਪਿਕਾ ਦਾ ਟੂਰਨਾਮੈਂਟ ‘ਚ ਇਹ 11ਵਾਂ ਗੋਲ ਸੀ, ਜਿਸਨੇ ਟੀਮ ਇੰਡੀਆ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਭਾਰਤੀ ਰੱਖਿਆ ਲਾਈਨ ਨੇ ਜ਼ਬਰਦਸਤ ਖੇਡ ਦਿਖਾਈ ਅਤੇ ਚੀਨ ਨੂੰ ਬਰਾਬਰੀ ਦਾ ਮੌਕਾ ਨਹੀਂ ਦਿੱਤਾ।
ਹਿੰਦੂਸਥਾਨ ਸਮਾਚਾਰ