Hazaribagh News: ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੇ ਬਰਕੱਠਾ ਬਲਾਕ ਦੇ ਗੋਰਹਰ ਵਿੱਚ ਅੱਜ ਸਵੇਰੇ ਕੋਲਕਾਤਾ ਤੋਂ ਪਟਨਾ ਜਾ ਰਹੀ ਯਾਤਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ‘ਚ 7 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਐਸਪੀ ਅਰਵਿੰਦ ਕੁਮਾਰ ਸਿੰਘ ਨੇ ਹੁਣ ਤੱਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਅਨੁਸਾਰ ਸੜਕ ਦੇ ਨਿਰਮਾਣ ਦੌਰਾਨ ਨਿਰਮਾਣ ਕੰਪਨੀ ਨੇ ਸੜਕ ਨੂੰ ਕੱਟਕੇ ਛੱਡ ਦਿੱਤਾ ਹੈ। ਇਸ ਕਾਰਨ ਬੱਸ ਬੇਕਾਬੂ ਹੋ ਕੇ ਟੋਏ ਵਿੱਚ ਪਲਟ ਗਈ। ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਪਿੰਡ ਵਾਸੀ ਆ ਗਏ ਅਤੇ ਥਾਣਾ ਗੋਰਹਰ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ। ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਦੱਸੀ ਜਾ ਰਹੀ ਹੈ।
ਦੱਸਿਆ ਗਿਆ ਹੈ ਕਿ ਵਿਸ਼ਾਲ ਕੰਪਨੀ ਦੀ ਇਹ ਬੱਸ (ਡਬਲਯੂਬੀ 76ਏ1548) ਕੋਲਕਾਤਾ ਤੋਂ ਪਟਨਾ ਜਾ ਰਹੀ ਸੀ। ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਹਾਦਸਾਗ੍ਰਸਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਅਜੀਤ ਕੁਮਾਰ ਵਿਮਲ, ਗੋਰਹਰ ਥਾਣਾ ਇੰਚਾਰਜ, ਬਰਕੱਠਾ ਥਾਣਾ ਇੰਚਾਰਜ ਆਪਣੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਮੁੱਢਲੀ ਸਹਾਇਤਾ ਦਿੱਤੀ ਗਈ।
ਇਸ ਹਾਦਸੇ ‘ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਸਾਰੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ ਅਤੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਹਿੰਦੂਸਥਾਨ ਸਮਾਚਾਰ