New Delhi: ਕੈਨੇਡੀਅਨ ਮੀਡੀਆ ਵਿੱਚ ਹੁਣ ਵੱਖਵਾਦੀ ਹਰਦੀਪ ਸਿੰਘ ਨਿੱਜਰ ਕਤਲ ਦੇ ਮਾਮਲੇ ਵਿੱਚ ਹੁਣ ਪੀਐਮ ਮੋਦੀ ਦਾ ਜ਼ਿਕਰ ਕੀਤਾ ਗਿਆ ਹੈ। ਪਰ ਭਾਰਤ ਨੇ ਕੈਨੇਡੀਅਨ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ।ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਭਾਰਤ ਵਿਰੁੱਧ ਜਾਣਬੁੱਝ ਕੇ ਕੀਤਾ ਗਿਆ ਪ੍ਰਚਾਰ ਕਰਾਰ ਦਿੱਤਾ ਹੈ। ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਆਮ ਤੌਰ ‘ਤੇ ਮੀਡੀਆ ਰਿਪੋਰਟਾਂ ‘ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਕੈਨੇਡਾ ਸਰਕਾਰ ਦੇ ਕਿਸੇ ਵੀ ਸਰੋਤ ਤੋਂ ਅਜਿਹੇ ਬੇਤੁਕੇ ਬਿਆਨਾਂ ਨੂੰ ਸਖ਼ਤੀ ਨਾਲ ਰੱਦ ਕਰਨਾ ਜ਼ਰੂਰੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੀ ਪ੍ਰਚਾਰ ਮੁਹਿੰਮ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਲਈ ਹੋਰ ਨੁਕਸਾਨਦਾਇਕ ਸਾਬਤ ਹੋਵੇਗੀ। ਦੱਸ ਦੇਈਏ ਕਿ ਕੈਨੇਡੀਅਨ ਅਖਬਾਰ ਨੇ ਮੀਡੀਆ ਰਿਪੋਰਟਾਂ ਵਿੱਚ ਜ਼ਿਕਰ ਕੀਤਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਐਨਐਸਏ ਅਜੀਤ ਡੋਵਾਲ ਨੂੰ ਨਿੱਜਰ ਦੇ ਕਤਲ ਨਾਲ ਸਬੰਧਤ ਕਥਿਤ ਸਾਜ਼ਿਸ਼ ਦੀ ਜਾਣਕਾਰੀ ਸੀ ਅਤੇ ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਇਸ ਗੱਲ ਤੋਂ ਜਾਣੂ ਹੋ ਸਕਦੇ ਹਨ।
ਰਿਪੋਰਟ ਵਿੱਚ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਦਾ ਨਾਂ ਲਏ ਬਿਨਾਂ ਇਹ ਦਾਅਵੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਨੇ ਕੈਨੇਡੀਅਨ ਸੰਸਦੀ ਕਮੇਟੀ ਦੇ ਸਾਹਮਣੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਵੀ ਅਜਿਹੀ ਟਿੱਪਣੀ ਕੀਤੀ ਸੀ। ਭਾਰਤ ਨੇ ਵੀ ਇਨ੍ਹਾਂ ਨੂੰ ਬੇਤੁਕਾ ਅਤੇ ਬੇਬੁਨਿਆਦ ਦੱਸਦਿਆਂ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕੈਨੇਡਾ ਸਰਕਾਰ ਕੋਲ ਅਧਿਕਾਰਤ ਵਿਰੋਧ ਦਰਜ ਕਰਵਾਇਆ ਸੀ।
ਦਸ ਦਇਏ ਕਿ ਭਾਰਤ ਸਰਕਾਰ ਨੇ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਤਲਬ ਕੀਤਾ ਅਤੇ ਇਸ ਸਬੰਧ ਵਿੱਚ ਇੱਕ ਡਿਪਲੋਮੈਟਿਕ ਨੋਟ ਸੌਂਪਿਆ। ਜਿਸ ਵਿੱਚ ਭਾਰਤ ਸਰਕਾਰ ਨੇ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਵੱਲੋਂ 29 ਅਕਤੂਬਰ ਨੂੰ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਸਥਾਈ ਕਮੇਟੀ ਦੇ ਸਾਹਮਣੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜ਼ਿਕਰ ਕੀਤੇ ਗਏ ਬੇਤੁਕੇ ਅਤੇ ਬੇਬੁਨਿਆਦ ਹਵਾਲਿਆਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।