Punjab Politics: ਸ਼ਿਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਜੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਮੰਜੂਰ ਨਹੀਂ ਕੀਤਾ। ਕਮੇਟੀ ਵੱਲੋਂ ਅੱਜ ਇਕ ਮੀਟਿੰਗ ਦਾ ਆਯੋਜਨ ਕੀਤਾਗਿਆ ਸੀ। ਜਿਸ ਵਿੱਚ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਤੇ ਵਿਚਾਰ ਵਟਾਂਦਰਾ ਕੀਤਾ। ਪਾਰਟੀ ਨੇ ਅਸਤੀਫ਼ੇ ਨੂੰ ਲੈ ਕੇ ਇਕ ਵੱਡਾ ਫ਼ੈਸਲਾ ਕੀਤਾ ਹੈ ਕਿ ਹੁਣ ਹਲਕਾ ਅਤੇ ਜ਼ਿਲ੍ਹਾ ਪੱਧਰ ‘ਤੇ ਜਾ ਕੇ ਪਾਰਟੀ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ। ਅਤੇ ਅਸਤੀਫੇ ਤੇ ਚਰਚਾ ਕੀਤੀ ਹੋਏਗੀ।
ਬੈਠਕ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮੀਡਿਆ ਨੂੰ ਕਿਹਾ ਕਿ ਵਰਕਿੰਗ ਕਮੇਟੀ ਵਿਚ ਮੌਜੂਦ ਸਾਰੇ ਹੀ ਆਗੂਆਂ ਨੇ ਸਲਾਹ ਦਿੱਤੀ ਹੈ ਕਿ ਜ਼ਿਲ੍ਹਾ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਲਕਾ ਇੰਚਾਰਜਾਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਜਿਸ ਕਾਰਨ ਹੁਣ ਇਹ ਤੈਅ ਕੀਤਾ ਗਿਆ ਹੈ ਕਿ ਹਲਕਾ ਅਤੇ ਜ਼ਿਲ੍ਹਾ ਪੱਧਰੀ ਬੈਠਕਾਂ ਕੀਤੀਆਂ ਜਾਣ। ਜਿਸ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਪੂਰੇ ਮਾਮਲੇ ‘ਤੇ ਵਿਚਾਰ ਚਰਚਾ ਕਰਕੇ ਆਪਣਾ ਫ਼ੈਸਲਾ ਲਵੇਗੀ।