Gurdaspur News: ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸ੍ਰੀ ਸੁਸ਼ੀਲ ਅੰਗੂਰਾਲ ਜਲੰਧਰ ਦੀ ਅਗਵਾਈ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ ਜਿਸ ਵਿੱਚ 24 ਨਵੰਬਰ ਨੂੰ ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਪੰਜਾਬ ਭਰ ਤੋਂ 6640 ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।
ਮੀਟਿੰਗ ਵਿੱਚ ਹਾਜਰ ਆਗੂਆਂ ਗੁਰਦਾਸਪੁਰ ਤੋਂ ਮਨਦੀਪ ਸਿੰਘ ਤੂਰ, ਗਗਨਦੀਪ ਸਿੰਘ ਕਰਮਜੀਤ ਪੁਰੀ, ਸਤੀਸ਼ ਮਾਹੀ, ਮਨਦੀਪ ਮੰਗੋਤਰਾ, ਲਖਬੀਰ ਸਿੰਘ, ਇੰਦਰਜੀਤ ਸਿੰਘ, ਕਮਲਜੀਤ, ਪ੍ਰਦੀਪ ਸ਼ਰਮਾ, ਪ੍ਰਿਤਪਾਲ ਸਿੰਘ, ਅਮਿਤ ਗੁਪਤਾ ਵਿਕਾਸ ਠਾਕੁਰ, ਅਤੁਲ, ਗੌਰਵ, ਅਮਨਦੀਪ, ਸਤੀਸ਼ ਸ਼ਰਮਾ ,ਅਜੀਤ ਮਿਨਹਾਸ ਆਦਿ ਨੇ ਦਸਿੱਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਦੇ ਲਈ ਸੰਗਰੂਰ ਦੇ ਡੀਸੀ ਦਫਤਰ ਦੇ ਅੱਗੇ ਪਿਛਲੇ 78 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਦੇ ਨਾਲ ਨਾਲ ਵੱਖ-ਵੱਖ ਸੰਘਰਸ਼ੀ ਐਕਸ਼ਨ ਉਲੀਕੇ ਜਾ ਰਹੇ ਹਨ ਪਰ ਹਾਲੇ ਤੱਕ ਸਰਕਾਰ ਵੱਲੋਂ ਉਨਾਂ ਦੀ ਸਾਰ ਨਹੀਂ ਲਈ ਗਈ।
ਇਸੇ ਲੜੀ ਦੇ ਤਹਿਤ “ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸਘੰਰਸ਼ ਕਮੇਟੀ ਪੰਜਾਬ” ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਖਿਲਾਫ 24 ਨਵੰਬਰ ਨੂੰ ਸੰਗਰੂਰ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਹੋਰਨਾਂ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿਰਫ ਲਾਰੇ ਲੱਪੇ ਵਾਲੀ ਨੀਤੀ ਹੀ ਅਪਣਾ ਰਹੀ। ਕੰਪਿਊਟਰ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਰੈਗੂਲਰ ਹੁੰਦੇ ਹੋਏ ਵੀ ਉਹ ਠੇਕਾ ਕਰਮਚਾਰੀਆਂ ਵਾਂਗੂੰ ਸੰਤਾਪ ਹੰਢਾ ਰਹੇ ਹਨ। ਉਹਨਾਂ ਨੂੰ ਰੈਗੂਲਰ ਕਰਮਚਾਰੀਆਂ ਵਾਂਗੂੰ ਕੋਈ ਵੀ ਲਾਭ ਨਹੀਂ ਦਿੱਤਾ ਜਾ ਰਿਹਾ ਹੈ।ਉਹਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਜੋ ਕਿ ਮੌਜੂਦਾ ਪੰਜਾਬ ਸਰਕਾਰ ਦੇ ਚੋਣ ਮੈਨੀਫੈਸਟੋ ਵਿਚ ਵੀ ਦਰਜ ਕੀਤਾ ਗਿਆ ਸੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੀ ਇਸ ਸੰਬੰਧੀ 2022 ਦੀ ਦਿਵਾਲੀ ਨੂੰ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ ਉਹਨਾ ਦੇ ਬਣਦੇ ਲਾਭ ਦੀਵਾਲੀ ਦੇ ਗਿਫਟ ਦੇ ਰੂਪ ਵਿਚ ਦਿੱਤੇ ਜਾਣਗੇ ਪਰ ਤਿੰਨ ਦਿਵਾਲੀਆਂ ਨਿਕਲ ਜਾਣ ਦੇ ਬਾਅਦ ਵੀ ਇਹ ਐਲਾਨ ਐਲਾਨ ਹੀ ਬਣ ਕੇ ਰਹਿ ਗਿਆ।ਹੋਰ ਤਾਂ ਹੋਰ ਮਿਤੀ 05-11-2024 ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਕੰਪਿਊਟਰ ਅੁਧਿਆਪਕਾਂ ਦਾ ਪਿਛਲੇ ਕਾਫੀ ਸਮੇਂ ਤੋਂ ਫਰੀਜ ਹੋਇਆ ਡੀ. ਏ. ਦੀ ਫਾਈਲ ਦੋ ਦਿਨਾਂ ਵਿਚ ਕਲੀਅਰ ਕਰਨ ਗਲ ਕਹੀ ਗਈ ਸੀ ਜੋ ਕਿ ਦੋ ਹਫਤੇ ਬੀਤ ਜਾਣ ਤੋਂ ਬਾਅਦ ਵੀ ਪਹਿਲੇ ਐਲਾਨਾਂ ਦੀ ਤਰਾਂ ਐਲਾਨ ਹੀ ਬਣਕੇ ਰਹਿ ਗਿਆ ਹੈ।ਇਹਨਾਂ ਵਾਅਦਾ ਖਿਲਾਫੀਆਂ ਤੋਂ ਖੱਫਾ ਹੋਏ ਕੰਪਿਊਟਰ ਅਧਿਆਪਕਾਂ ਵਲੋਂ ਵੱਡੇ ਪੱਧਰ 24 ਨਵੰਬਰ ਨੂੰ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਸੰਗਰੂਰ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਜਿਸਦੇ ਹੋਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।
ਹਿੰਦੂਸਥਾਨ ਸਮਾਚਾਰ