Washington, D.C.: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ ਵੱਡੀ ਭੂਮਿਕਾ ਨਿਭਾਉਣਗੇ। ਟਰੰਪ ਦੀ ਚੋਣ ਮੁਹਿੰਮ ਦਾ ਹਿੱਸਾ ਰਹੇ ਇਨ੍ਹਾਂ ਦੋ ਅਰਬਪਤੀ ਸਮਰਥਕਾਂ ਨੂੰ ਨੌਕਰਸ਼ਾਹਾਂ ਤੋਂ ਉੱਪਰ ਰੱਖਿਆ ਜਾਵੇਗਾ। ਟਰੰਪ ਨੂੰ ਉਮੀਦ ਹੈ ਕਿ ਇਸ ਨਾਲ ਫੈਡਰਲ ਨੌਕਰਸ਼ਾਹੀ ‘ਚ ਰੈਡੀਕਲ ਬਦਲਾਅ ਆਵੇਗਾ।
ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਇਨ੍ਹਾਂ ਅਰਬਪਤੀ ਸਮਰਥਕਾਂ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਵਿੱਚ ਰੱਖਿਆ ਜਾਵੇਗਾ। ਰਾਸ਼ਟਰਪਤੀ ਚੁਣੇ ਗਏ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰੀ ਕੁਸ਼ਲਤਾ ਵਿਭਾਗ 4 ਜੁਲਾਈ, 2026 ਤੱਕ ਸਮੁੱਚੀ ਸੰਘੀ ਨੌਕਰਸ਼ਾਹੀ ਵਿੱਚ ਵੱਡੇ ਬਦਲਾਅ ਲਿਆਵੇਗਾ। ਦੋਵੇਂ ਇਸ ਵਿਭਾਗ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਇਸ ਯੁੱਗ ਦਾ “ਮੈਨਹਟਨ ਪ੍ਰੋਜੈਕਟ” ਹੋਵੇਗਾ। ਇਹ ਪ੍ਰੋਜੈਕਟ 4 ਜੁਲਾਈ, 2026 ਤੱਕ ਸੰਘੀ ਨੌਕਰਸ਼ਾਹੀ ਵਿੱਚ ਵਿਕਸਿਤ ਏਜੰਸੀਆਂ ਵਿੱਚ ਵੱਡੀ ਕਟੌਤੀ ਅਤੇ ਨਵੀਂ ਕੁਸ਼ਲਤਾਵਾਂ ਦੇ ਨਾਲ ਸਰਕਾਰ ਵਿੱਚ ਭਾਰੀ ਬਦਲਾਅ ਲਿਆਏਗਾ।
ਟਰੰਪ ਨੇ ਇੱਕ ਬਿਆਨ ਵਿੱਚ ਕਿਹਾ, “ਵਧੇਰੇ ਕੁਸ਼ਲਤਾ ਅਤੇ ਘੱਟ ਨੌਕਰਸ਼ਾਹੀ ਦੇ ਨਾਲ ਇੱਕ ਛੋਟੀ ਸਰਕਾਰ, ਆਜ਼ਾਦੀ ਦੀ ਘੋਸ਼ਣਾ ਦੀ 250ਵੀਂ ਵਰ੍ਹੇਗੰਢ ‘ਤੇ ਅਮਰੀਕਾ ਲਈ ਸਭ ਤੋਂ ਵਧੀਆ ਤੋਹਫ਼ਾ ਹੋਵੇਗਾ।” ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਸ ਵਿੱਚ ਕਾਮਯਾਬ ਹੋਣਗੇ। ਜ਼ਿਕਰਯੋਗ ਹੈ ਕਿ ਮਸਕ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਉਹ ਚੁਣੇ ਗਏ ਰਾਸ਼ਟਰਪਤੀ ਨੂੰ ਸੰਘੀ ਬਜਟ ਤੋਂ ਦੋ ਟ੍ਰਿਲੀਅਨ ਡਾਲਰ ਦੀ ਕਟੌਤੀ ਕਰਨ ਵਿੱਚ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਸਕ ਨੂੰ ਸੰਘੀ ਏਜੰਸੀਆਂ ਤੋਂ ਘੱਟੋ-ਘੱਟ 20 ਵੱਖ-ਵੱਖ ਜਾਂਚਾਂ ਜਾਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ। ਟਰੰਪ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਸਕ ਦਾ ਵਿਭਾਗ ਸਰਕਾਰ ਨੂੰ ਬਾਹਰੀ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗਾ। ਟਰੰਪ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਐਲੋਨ ਮਸਕ ਅਤੇ ਵਿਵੇਕ ਸੰਘੀ ਨੌਕਰਸ਼ਾਹੀ ਵਿੱਚ ਕੁਸ਼ਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਅ ਕਰਨਗੇ ਅਤੇ ਸਾਰੇ ਅਮਰੀਕੀਆਂ ਲਈ ਜੀਵਨ ਨੂੰ ਬਿਹਤਰ ਬਣਾਉਣਗੇ। ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਆਪਣੇ 6.5 ਟ੍ਰਿਲੀਅਨ ਡਾਲਰ ਸਲਾਨਾ ਸਰਕਾਰੀ ਖਰਚਿਆਂ ਵਿੱਚ ਵੱਡੀ ਬਰਬਾਦੀ ਨੂੰ ਰੋਕਾਂਗੇੇ।
ਹਿੰਦੂਸਥਾਨ ਸਮਾਚਾਰ