Punjab News: PRTC ਵੱਲੋਂ ਬੱਸ ਦੀ ਅਗਲੀ ਸੀਟ ‘ਤੇ ਸਵਾਰੀਆਂ ਨੂੰ ਬਿਠਾਉਣ ਸਬੰਧੀ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਦਸ ਦਈਏ ਕਿ ਇਸ ਹੁਕਮ ਦੇ ਅਨੁਸਾਰ ਹੁਣ ਪੀ.ਆਰ.ਟੀ.ਸੀ. ਦੇ ਕੰਡਕਟਰ ਡਰਾਈਵਰ ਨਾਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਹੁਣ ਪਿਛਲੇ ਪਾਸੇ ਖਿੜਕੀ ਦੇ ਨਾਲ ਵਾਲੀ ਸੀਟ ‘ਤੇ ਬੈਠਣਾ ਹੋਵੇਗਾ। ਇਸ ਸਬੰਧੀ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਪੱਤਰ ਜਾਰੀ ਕਰਕੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਕੰਡਕਟਰ ਅਜਿਹੀ ਕੁਤਾਹੀ ਕਰਦਾ ਪਾਇਆ ਗਿਆ ਤਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੀਆਰਟੀਸੀ ਵੱਲੋਂ ਜਾਰੀ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ।ਬੱਸਾਂ ਵਿੱਚ ਕਈ ਲੋਕ ਇੰਜਣ ਵਾਲੀ ਸੀਟ ਜਾਂ ਡਰਾਈਵਰ ਦੇ ਕੋਲ ਬੈਠੇ ਪਾਏ ਜਾਂਦੇ ਹਨ। ਇਸ ਕਾਰਨ ਕੰਡਕਟਰ ਬੱਸਾਂ ਤੋਂ ਉਤਰਨ ਜਾਂ ਚੜ੍ਹਨ ਸਮੇਂ ਧਿਆਨ ਨਹੀਂ ਦਿੰਦੇ। ਇਸ ਕਾਰਨ ਹਾਦਸੇ ਦਾ ਡਰ ਵੀ ਬਣਿਆ ਰਹਿੰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਵਾਂ ਨਿਯਮ ਬਣਾਇਆ ਗਿਆ ਹੈ।
ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪਰ ਕੰਡਕਟਰਾਂ ਵੱਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਹੁਣ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵੱਲੋਂ ਇਨ੍ਹਾਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਈਵਰ ਪਾਸ ਇੰਜਨ ’ਤੇ ਬੈਠਾ ਪਾਇਆ ਜਾਂਦਾ ਹੈ ਤਾ ਉਸ ਕੰਡਕਟਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਕੋਰੋਨਾ ਦੇ ਦੌਰ ਦੌਰਾਨ ਬੱਸਾਂ ਵਿੱਚ ਸੁਰੱਖਿਆ ਪੱਖੋਂ ਡਰਾਈਵਰ ਅਤੇ ਕੰਡਕਟਰ ਲਈ ਵੱਖਰੇ ਕੈਬਿਨ ਕਰ ਦਿੱਤੇ ਸਨ। ਉਸ ਤੋਂ ਬਾਅਦ ਕੰਡਕਟਰ ਆਪਣੀ ਨਿਰਧਾਰਿਤ ਸੀਟ ਉਤੇ ਬੈਠਣੋਂ ਹੱਟ ਗਏ, ਜਿਸ ਕਾਰਨ ਪੀਆਰਟੀਸੀ ਪ੍ਰਸ਼ਾਸਨ ਨੂੰ ਇਹ ਸਰਕੂੁਲਰ ਕੱਢਣਾ ਪਿਆ ਹੈ।