ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਹੁਣ ਮੌਸਮ ਵਿੱਚ ਵੀ ਥੋੜਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਕਰੀਏ ਪਿਛਲੇ ਕੁਝ ਸਾਲਾਂ ਦੇ ਮੌਸਮ ਦੀ ਤਾਂ ਹਮੇਸ਼ਾ ਹੀ ਮੌਸਮ ਦਾ ਬਦਲਾਅ ਅਕਤੂਬਰ- ਨਵੰਬਰ ਤੱਕ ਦੇਖਣ ਨੂੰ ਮਿਲ ਜਾਂਦਾ ਹੈ। ਪਰ ਇਸ ਸਾਲ ਨਵੰਬਰ ਦੇ ਮਹੀਨੇ ਸ਼ੁਰੂ ਹੋਣ ਦੇ ਬਾਅਦ ਵੀ ਮੌਸਮ ‘ਚ ਕੁਝ ਵੱਧ ਸੁਧਾਰ ਨਹੀਂ ਦਿਖਿਆ ਹੈ।
ਓਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਮੀਡਿਆ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਹੁਣ ਤੱਕ 5299 ਕੇਸ ਦਰਜ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪਿਛਲੇ 10 ਦਿਨਾਂ ਵਿੱਚ ਹੀ 3162 ਕੇਸ ਦਰਜ ਕੀਤੇ ਗਏ ਹਨ।
ਮੌਸਮ ਵਿਭਾਗ ਤੋਂ ਵੀ ਰਾਹਤ ਦੇ ਕੋਈ ਸੰਕੇਤ ਨਹੀਂ ਹਨ। ਮੌਸਮ ਵਿਗਿਆਨ ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਹੀ ਕਾਰਨ ਹੈ ਕਿ ਪ੍ਰਦੂਸ਼ਣ ਅਤੇ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 5.8 ਡਿਗਰੀ ਘੱਟ ਹੈ।
ਪੰਜਾਬ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੰਗਰੂਰ ਵਿੱਚ ਦਰਜ ਕੀਤੇ ਗਏ ਹਨ। ਜਿੱਥੇ 887 ਐਫ.ਆਈ.ਆਰ. ਜਦੋਂ ਕਿ ਅੰਮ੍ਰਿਤਸਰ ਵਿੱਚ 633 ਅਤੇ ਤਰਨਤਾਰਨ ਵਿੱਚ 612 ਕੇਸ ਦਰਜ ਕੀਤੇ ਗਏ ਹਨ।
ਦਸ ਦਇਏ ਕਿ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਕੇਂਦਰ ਦੀ ਟੀਮ ਪੰਜਾਬ ਵਿੱਚ ਪਰਾਲੀ ਪ੍ਰਬੰਧਨ ਦੀ ਜਾਂਚ ਲਈ ਆ ਰਹੀ ਹੈ। ਇਹ ਟੀਮ 13 ਨਵੰਬਰ ਨੂੰ ਪੰਜਾਬ ਆਵੇਗੀ। ਇੱਥੇ ਇਹ ਟੀਮ ਪ੍ਰਦੂਸ਼ਣ ਕੰਟਰੋਲ, ਵਾਤਾਵਰਨ ਅਤੇ ਖੇਤੀਬਾੜੀ ਵਿਭਾਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਯਤਨਾਂ ਦੀ ਜਾਂਚ ਕਰੇਗੀ। ਦਰਅਸਲ ਸਖ਼ਤੀ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।