Chandigarh News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ ਦੀ ਅਹਿਮ ਮੀਟਿੰਗ ਮੁੱਖ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਦੀ ਅਗਵਾਈ ਕਰਦੇ ਹੋਏ ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ, ਸੁਖਬੀਰ ਸਿੰਘ ਬਾਦਲ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਅਤੇ ਪੰਥਕ ਮੁੱਦਿਆਂ ਸਮੇਤ ਪਾਰਟੀ ਨੂੰ ਖੂਹ ਵਿੱਚ ਸੁੱਟ ਦਿੱਤਾ ਅੱਜ ਵਰਕਰ ਕੰਧਾਂ ਨਾਲ ਵੱਜ ਰਹੇ ਹਨ, ਇਹੀ ਵਜ੍ਹਾ ਹੈ ਕਿ ਸਦੀ ਤੋਂ ਵੱਧ ਪੁਰਾਣੀ ਖੇਤਰੀ ਪਾਰਟੀ ਨੂੰ ਜ਼ਿਮਨੀ ਚੋਣ ਲੜਨ ਲਈ ਚਾਰ ਉਮਦੀਵਾਰ ਤੱਕ ਨਹੀਂ ਮਿਲੇ। ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦਾ ਜ਼ਿਮਨੀ ਚੋਣਾਂ ਵਿੱਚੋਂ ਭਗੌੜੇ ਹੋਣਾ ਸਾਬਿਤ ਕਰਦਾ ਹੈ ਸੁਖਬੀਰ ਸਿੰਘ ਬਾਦਲ ਸਿੱਖਾਂ ਦੀ ਅਤੇ ਖੇਤਰੀ ਪਾਰਟੀ ਦੀ ਆਵਾਜ਼ ਬੰਦ ਕਰਨ ਤੇ ਤੁਲੇ ਹੋਏ ਹਨ। ਓਹਨਾ ਇਸ ਗੱਲ ਤੇ ਵੀ ਖਾਸ ਤੌਰ ਤੇ ਇਤਰਾਜ਼ ਜਾਹਿਰ ਕੀਤਾ ਕਿ ਜਿਸ ਤਰੀਕੇ ਅਕਾਲੀ ਦਲ ਦੀ ਚਾਪਲੂਸੀ ਵਾਲੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨੂੰ ਜਰਨੈਲ ਦੱਸ ਰਹੀ ਹੈ, ਉਹ ਤੌਹੀਨ ਹੈ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਦੀ ਤੇ ਦੂਸਰਾ ਵਰਕਿੰਗ ਪ੍ਰਧਾਨ ਦਾ ਝੂਠਾ ਡਰਾਮਾ ਵੀ ਨੰਗਾ ਹੋਇਆ। ਪਰ ਅਫਸੋਸ ਹੈ ਕਿ ਚਾਪਲੂਸੀ ਲਈ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ।
ਜਥੇਦਾਰ ਵਡਾਲਾ ਨੇ ਕਿਹਾ ਕਿ, ਜਲਦੀ ਹੀ ਸੁਧਾਰ ਲਹਿਰ ਦਾ ਵਫ਼ਦ ਇਲੈਕਸ਼ਨ ਗੁਰਦੁਆਰਾ ਕਮਿਸ਼ਨ ਨਾਲ ਮੁਲਾਕਾਤ ਕਰੇਗਾ ਅਤੇ ਜਲਦੀ ਆਮ ਚੋਣਾਂ ਕਰਵਾਉਣਾ ਦੀ ਬੇਨਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਓਹਨਾ ਐਸਜੀਪੀਸੀ ਮੈਂਬਰ ਜਿਨ੍ਹਾਂ ਨੇ ਪ੍ਰਧਾਨਗੀ ਲਈ ਹੋਈ ਚੋਣ ਵਿੱਚ ਡਟਕੇ ਪੰਥਕ ਸਿਧਾਤਾਂ ਉਪਰ ਚਲਦੇ ਹੋਏ ਸਾਥ ਦਿੱਤਾ ਸਭ ਦਾ ਪ੍ਰਜੀਡੀਅਮ ਵੱਲੋ ਧੰਨਵਾਦ ਵੀ ਕੀਤਾ।
ਜਥੇਦਾਰ ਵਡਾਲਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਛੋੜ ਦਿਵਸ ਮੌਕੇ ਕੀਤੇ ਗਏ ਸੰਬੋਧਨ ਨੂੰ ਪੰਥ ਦੀ ਨਬਜ਼ ਪਛਾਣਨ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ, ਅੱਜ ਸਮੇਂ ਦੀ ਲੋੜ ਹੈ ਇੱਕ ਵਿਧਾਨ, ਇੱਕ ਪ੍ਰਧਾਨ ਅਤੇ ਸੰਵਿਧਾਨ ਹੇਠ ਇਕੱਠੇ ਹੋਕੇ ਪਹਿਰਾ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਜੀ ਦੇ ਕੌਮ ਦੇ ਨਾਮ ਦਿੱਤੇ ਸੰਦੇਸ਼ ਨੂੰ ਹਰ ਖਿੱਤੇ ਵੱਲੋ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪ੍ਰਜੀਡੀਅਮ ਵੱਲੋਂ ਮੀਡੀਆ ਵਿੱਚ ਅਤੇ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਚਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਦਿਆਂ ਕਿਹਾ ਕਿ ਸੁਧਾਰ ਲਹਿਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਕਿਸੇ ਤਰਾਂ ਦੀ ਕੋਈ ਸਮਝੌਤੇ ਦੀ ਗੱਲਬਾਤ ਨਹੀਂ ਚਲ ਰਹੀ ਜੇਕਰ ਸੁਧਾਰ ਲਹਿਰ ਦਾ ਕੋਈ ਆਗੂ ਬਿਆਨ ਦਿੰਦਾ ਹੈ ਜਾਂ ਰਾਇ ਰੱਖਦਾ ਹੈ ਉਸ ਦਾ ਆਪਣਾ ਨਿੱਜੀ ਵਿਚਾਰ ਹੋ ਸਕਦਾ ਹੈ, ਪਰ ਪਰਜੀਡੀਅਮ ਦੇ ਬਿਆਨ ਤੋਂ ਬਿਨ੍ਹਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਦੇ ਬਿਆਨ ਨੂੰ ਮਾਨਤਾ ਨਾ ਦਿੱਤੀ ਜਾਵੇ।
ਕੈਨੇਡਾ ਦੇ ਵਿੱਚ ਮੰਦਿਰ ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਿੱਖ ਸਿਧਾਂਤਾਂ ਵਿਰੁੱਧ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕੀਤੀ ਕਿ, ਅਮਰੀਕਾ ਅਤੇ ਕੈਨੇਡਾ ਵੱਲੋਂ ਓਹਨਾਂ ਦੀ ਸਰਕਾਰ ਤੇ ਲੱਗੇ ਇਲਜਾਮਾਂ ਬਾਰੇ ਪ੍ਰਧਾਨ ਮੰਤਰੀ ਲਾਜ਼ਮੀ ਤੌਰ ਤੇ ਸਿੱਖ ਭਾਈਚਾਰੇ ਨੂੰ ਅਪਣਾ ਸਪਸ਼ਟੀਕਰਨ ਦੇਣ।
ਹਿੰਦੂਸਥਾਨ ਸਮਾਚਾਰ