Maharashtra News: ਮੁੰਬਈ ਵਿੱਚ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ ਮਹਾਰਾਸ਼ਟਰ ਦੇ ਇੱਕ ਸਾਬਕਾ ਮੰਤਰੀ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਹਫ਼ਤੇ ਬਾਅਦ, ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਪੁੱਤਰ ਜੀਸ਼ਾਨ ਸਿੱਦੀਕੀ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। 20 ਸਾਲਾ ਸ਼ੱਕੀ ਕਾਲਰ ਨੂੰ ਅੱਜ ਨੋਇਡਾ ਤੋਂ ਗ੍ਰਿਫਤਾਰ ਕੀਤਾ ਗਿਆ।
ਇਹ ਕਾਲ ਸ਼ੁੱਕਰਵਾਰ (25 ਅਕਤੂਬਰ) ਦੀ ਸ਼ਾਮ ਨੂੰ ਕੀਤੀ ਗਈ ਸੀ ਅਤੇ ਪੁਲਿਸ ਨੇ ਬਾਂਦਰਾ ਪੂਰਬੀ ਹਲਕੇ ਤੋਂ ਅਜੀਤ ਪਵਾਰ ਦੀ ਅਗਵਾਈ ਵਾਲੇ ਐਨਸੀਪੀ ਵਿਧਾਇਕ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ‘ਤੇ ਵੀ ਮਾਮਲਾ ਦਰਜ ਕੀਤਾ ਹੈ। 12 ਅਕਤੂਬਰ ਨੂੰ ਬਾਬਾ ਸਿੱਦੀਕੀ ਦੀ ਇਸ ਦਫ਼ਤਰ ਦੇ ਬਾਹਰ ਦੁਸਹਿਰੇ ਮੌਕੇ ਪਟਾਕੇ ਚਲਾਉਣ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਧਮਕੀਆਂ ਤੋਂ ਇਲਾਵਾ ਫੋਨ ਕਰਨ ਵਾਲੇ ਮੁਹੰਮਦ ਤਇਅਬ ਉਰਫ਼ ਗੁਰਫਾਨ ਨੇ ਜ਼ੀਸ਼ਾਨ ਸਿੱਦੀਕੀ ਅਤੇ ਸਲਮਾਨ ਖਾਨ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਸੀ। 20 ਸਾਲਾ ਤਇਅਬ ਨੂੰ ਮੰਗਲਵਾਰ ਸਵੇਰੇ ਨੋਇਡਾ ਦੇ ਸੈਕਟਰ 39 ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁੰਬਈ ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਮਹਾਰਾਸ਼ਟਰ ਲਿਆ ਰਹੀ ਹੈ। ਦੱਸ ਦੇਈਏ ਕਿ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ ਪੁਲਿਸ ਹੁਣ ਤੱਕ 15 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਬਿਸ਼ਨੋਈ ਗੈਂਗ ਦੇ ਇਕ ਮੈਂਬਰ ਨੇ ਸਾਬਕਾ ਰਾਜ ਮੰਤਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਸਲਮਾਨ ਖਾਨ ਨਾਲ ਉਸ ਦੇ ਨਜ਼ਦੀਕੀ ਸਬੰਧਾਂ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ।