Kerala: ਕੇਰਲ ਦੇ ਕਾਸਾਰਗੋਡ ‘ਚ ਨੀਲੇਸ਼ਵਰਮ ਨੇੜੇ ਇਕ ਮੰਦਰ ‘ਚ ਬੀਤੀ ਦੇਰ ਰਾਤ ਥੇਯਮ ਤਿਉਹਾਰ ਦੌਰਾਨ ਭਿਆਨਕ ਹਾਦਸਾ ਵਾਪਰਿਆ, ਜਿਸ ‘ਚ ਆਤਿਸ਼ਬਾਜ਼ੀ ਦੌਰਾਨ ਅੱਗ ਅਤੇ ਭਗਦੜ ਕਾਰਨ 154 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 9 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਅੱਧੀ ਰਾਤ ਤੋਂ ਬਾਅਦ ਵਾਪਰਿਆ, ਜਿਸ ‘ਚ ਅੰਜੁਟੰਬਲਮ ਵੀਰਾਰਕਵੂ ਮੰਦਰ ਦੇ ਕੋਲ ਰੱਖੇ ਪਟਾਕਿਆਂ ਦੇ ਸਟਾਕ ‘ਚ ਅੱਗ ਲੱਗ ਗਈ। ਆਤਿਸ਼ਬਾਜ਼ੀ ਦੌਰਾਨ ਪਟਾਕਿਆਂ ਨੂੰ ਸਟੋਰ ਕਰਨ ਵਾਲੀ ਥਾਂ ‘ਤੇ ਚੰਗਿਆੜੀਆਂ ਡਿੱਗ ਪਈਆਂ। ਜਿਸ ਤੋਂ ਬਾਅਦ ਇਲਾਕੇ ‘ਚ ਭਿਆਨਕ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਕੁਲੈਕਟਰ ਅਤੇ ਜ਼ਿਲ੍ਹਾ ਪੁਲਸ ਮੁਖੀ ਨੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਇਸ ਧਮਾਕੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿਚ ਕੁੱਲ 154 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 97 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਮੰਗਲਵਾਰ ਰਾਤ ਨੂੰ ਸਮਾਪਤ ਹੋਣ ਵਾਲੇ ਤਿਉਹਾਰ ਲਈ ਮੰਦਰ ਪ੍ਰਬੰਧਕਾਂ ਨੇ ਕਰੀਬ 25,000 ਰੁਪਏ ਦੇ ਪਟਾਕੇ ਰੱਖੇ ਸਨ। ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇੰਨੇ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਲਈ ਮੰਦਰ ਪ੍ਰਬੰਧਕਾਂ ਵੱਲੋਂ ਲਾਜ਼ਮੀ ਲਾਇਸੈਂਸ ਨਹੀਂ ਲਿਆ ਗਿਆ ਸੀ।