New Delhi: ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦੇ ਖਿਲਾਫ ਸ਼ਿਕੰਜਾ ਕੱਸਿਆ ਹੈਦਿੱਲੀ ਪੁਲਸ ਨੇ ਬਿਸ਼ਨੋਈ ਗੈਂਗ ਖਿਲਾਫ ‘ਪੈਨ ਇੰਡੀਆ’ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ 7 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਸਪੈਸ਼ਲ ਸੈੱਲ ਨੇ ਸੱਤ ਸ਼ੱਕੀ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰਾਜਸਥਾਨ ਵਿੱਚ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਇਹ ਗ੍ਰਿਫਤਾਰੀਆਂ 12 ਅਕਤੂਬਰ ਨੂੰ ਮੁੰਬਈ ਵਿੱਚ ਐਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਸਨਸਨੀਖੇਜ਼ ਕਤਲ ਤੋਂ ਕੁਝ ਦਿਨ ਬਾਅਦ ਆਈਆਂ ਹਨ। ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਸੂਬਿਆਂ ਤੋਂ ਸੱਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਉਹ ਆਰਜ਼ੂ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਰਾਜਸਥਾਨ ਵਿਚ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ, ਜੋ ਜੇਲ ਵਿਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਕਰੀਬੀ ਹੈ। ਜਾਣਕਾਰੀ ਮੁਤਾਬਕ ਆਰਜ਼ੂ ਬਿਸ਼ਨੋਈ ਦਾ ਸਬੰਧ ਲਾਰੈਂਸ ਗੈਂਗ ਨਾਲ ਹੈ ਪਰ ਇਸ ਨੂੰ ਅਨਮੋਲ ਬਿਸ਼ਨੋਈ ਚਲਾ ਰਿਹਾ ਹੈ।
ਪੁਲਸ ਮੁਤਾਬਕ ਇਸ ਗਿਰੋਹ ਦੇ 7 ਸ਼ੂਟਰ ਹਰਿਆਣਾ, ਰਾਜਸਥਾਨ, ਪੰਜਾਬ ਅਤੇ ਦਿੱਲੀ ਤੋਂ ਫੜੇ ਗਏ ਹਨ। ਇਸ ਵਿੱਚ ਪਹਿਲੀ ਗ੍ਰਿਫ਼ਤਾਰੀ 23 ਅਕਤੂਬਰ ਨੂੰ ਹੋਈ ਸੀ ਜਿਸ ਵਿੱਚ ਸੁਖਰਾਮ ਨਾਂ ਦੇ ਵਿਅਕਤੀ ਨੂੰ ਕਮਲਾ ਨਗਰ ਤੋਂ ਫੜਿਆ ਗਿਆ ਸੀ। ਇਸ ਤੋਂ ਬਾਅਦ ਸਾਹਿਲ ਅਤੇ ਅਮੋਲ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਵਿੱਚੋਂ ਰਿਤੇਸ਼ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ‘ਚ ਪ੍ਰਮੋਦ ਸੰਦੀਪ ਅਤੇ ਬਾਦਲ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਆਟੋਮੈਟਿਕ ਪਿਸਤੌਲ ਅਤੇ 24 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਚੋਰੀ ਦੀ ਕਾਰ, ਮੋਟਰਸਾਈਕਲ ਅਤੇ ਜੀਪੀਐਸ ਟਰੈਕਰ ਡਿਵਾਈਸ ਬਰਾਮਦ ਕੀਤਾ ਗਿਆ ਹੈ। ਇਸ ਯੰਤਰ ਦੀ ਵਰਤੋਂ ਕਰਕੇ ਉਹ ਟਾਰਗੇਟ ਨੂੰ ਟ੍ਰੈਕ ਕਰਦੇ ਸਨ, ਉਨ੍ਹਾਂ ਦਾ ਪਿੱਛਾ ਕਰਦੇ ਸਨ ਅਤੇ ਸੁੰਨਸਾਨ ਇਲਾਕਿਆਂ ਵਿੱਚ ਅਪਰਾਧ ਕਰਦੇ ਸਨ। ਜਾਣਕਾਰੀ ਮੁਤਾਬਕ ਇਸ ਗਰੋਹ ਦੇ ਸ਼ੂਟਰ ਗੰਗਾ ਨਗਰ ‘ਚ ਸਾਬਕਾ ਵਿਧਾਇਕ ਰਾਜਕੁਮਾਰ ਗਰਗ ਦੇ ਭਤੀਜੇ ਸੁਨੀਲ ਪਹਿਲਵਾਨ ਨੂੰ ਨਿਸ਼ਾਨਾ ਬਣਾ ਰਹੇ ਸਨ। ਇਸ ਗਰੋਹ ਦੀ ਮੁੱਖ ਮੁਲਜ਼ਮ ਆਰਜ਼ੂ ਅਜੇ ਫਰਾਰ ਹੈ।