Ottawa News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਟਰੂਡੋ ਹੁਣ ਆਪਣੇ ਦੇਸ਼ ਅਤੇ ਆਪਣੀ ਪਾਰਟੀ ਵੱਲੋੰ ਹੀ ਘਿਰ ਗਏ ਹਨ। ਇੰਨਾ ਹੀ ਨਹੀਂ ਟਰੂਡੋ ਦੀ ਕੁਰਸੀ ਜਾਂਦੀ ਨਜ਼ਰ ਆ ਰਹੀ ਹੈ। ਅਸਲ ਵਿੱਚ ਹੋਇਆ ਇਹ ਕਿ 23 ਅਕਤੂਬਰ ਨੂੰ ਕੈਨੇਡਾ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਉਨ੍ਹਾਂ ਦੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਪੀਐਮ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਇਹ ਮੀਟਿੰਗ ਹਫਤਾਵਾਰੀ ਕਾਕਸ ਮੀਟਿੰਗ ਦਾ ਹਿੱਸਾ ਸੀ ਜੋ ਹਾਊਸ ਆਫ ਕਾਮਨਜ਼ ਦੇ ਸੈਸ਼ਨ ਦੌਰਾਨ ਹੁੰਦੀ ਹੈ।
ਸੀਬੀਸੀ ਨਿਊਜ਼ ਅਨੁਸਾਰ ਟਰੂਡੋ ਨੂੰ ਅਹੁਦੇ ਤੋਂ ਹਟਾਉਣ ਲਈ 24 ਸੰਸਦ ਮੈਂਬਰਾਂ ਨੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸੰਸਦ ਮੈਂਬਰ ਪੈਟਰਿਕ ਵ੍ਹੀਲਰ ਨੇ ਇੱਕ ਦਸਤਾਵੇਜ਼ ਪੇਸ਼ ਕੀਤਾ ਜਿਸ ਵਿੱਚ ਟਰੂਡੋ ਦੇ ਅਸਤੀਫੇ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਗਈਆਂ।
ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਟਰੂਡੋ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਅਹੁਦਾ ਛੱਡਣ ਲਈ ਕਿਹਾ ਅਤੇ 28 ਅਕਤੂਬਰ ਤੱਕ ਫੈਸਲਾ ਲੈਣ ਦਾ ਅਲਟੀਮੇਟਮ ਵੀ ਦਿੱਤਾ। ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਜੇਕਰ ਟਰੂਡੋ ਦੇ ਨਾਂ ’ਤੇ ਚੋਣਾਂ ਲੜੀਆਂ ਜਾਂਦੀਆਂ ਹਨ ਤਾਂ ਨਤੀਜੇ ਵਜੋਂ ਲਿਬਰਲ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।
ਦੱਸ ਦਈਏ ਕਿ ਕੈਨੇਡਾ ‘ਚ ਲਿਬਰਲ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਨਾਲ ਵੀ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤੀ ਡਿਪਲੋਮੈਟਾਂ ‘ਤੇ ਲਾਇਆ ਸੀ। ਜਦਕਿ ਭਾਰਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਭਾਰਤ ਨੇ ਵੀ ਕੈਨੇਡੀਅਨ ਸਰਕਾਰ ‘ਤੇ ਕੱਟੜਪੰਥੀ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਹੈ।