Chandigarh News: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਝੋਨੇ ਦੀ ਨਿਰਵਿਘਨ ਖ੍ਰੀਦ ਅਮਲੀ ਰੂਪ ‘ਚ ਚਾਲੂ ਕਰਾਉਣ ਲਈ ਅੱਜ ਚੌਥੇ ਦਿਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਹੋਰ ਟੌਲ ਪਲਾਜ਼ਾ ਫ੍ਰੀ ਕਰਨ ਨਾਲ 51 ਥਾਂਵਾਂ ‘ਤੇ ਪੱਕੇ ਮੋਰਚੇ ਜਾਰੀ ਰਹੇ।
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਬੇਸ਼ੱਕ ਭਗਵੰਤ ਮਾਨ ਸਰਕਾਰ ਵੱਲੋਂ 2 ਦਿਨਾਂ ਵਿੱਚ ਖ੍ਰੀਦ ਪੂਰੀ ਤਰ੍ਹਾਂ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਹੈ, ਪ੍ਰੰਤੂ ਪਿਛਲਾ ਤਜਰਬਾ ਦੱਸਦਾ ਹੈ ਕਿ ਵੱਖ ਵੱਖ ਵਰਗਾਂ ਦੀਆਂ ਮੰਗਾਂ ਮੰਨਣ ਦੇ ਬਹੁਤੇ ਐਲਾਨ ਅਮਲੀ ਰੂਪ ‘ਚ ਲਾਗੂ ਨਹੀਂ ਹੋਏ। ਅੱਜ ਵੀ ਇਨ੍ਹਾਂ ਮੋਰਚਿਆਂ ਵਿੱਚ ਕੁੱਲ ਮਿਲਾ ਕੇ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਏ। 26 ਟੌਲ ਪਲਾਜਿਆਂ ਅਤੇ 25 ਸਿਆਸੀ ਆਗੂਆਂ ਦੇ ਘਰਾਂ/ਦਫ਼ਤਰਾਂ ਅੱਗੇ ਇਹ ਮੋਰਚੇ ਸਰਕਾਰੀ ਐਲਾਨ ਅਮਲੀ ਰੂਪ ‘ਚ ਲਾਗੂ ਹੋਣ ਤੱਕ ਦਿਨੇ ਰਾਤ ਲਗਾਤਾਰ ਜਾਰੀ ਰੱਖੇ ਜਾਣਗੇ। ਜ਼ਿਲ੍ਹਾ ਪਟਿਆਲਾ ਵਿੱਚ ਅੱਜ ਤੋਂ ਪੱਕਾ ਮੋਰਚਾ ਮੰਤਰੀ ਬਲਵੀਰ ਸਿੰਘ ਤੋਂ ਬਦਲ ਕੇ ਭਾਜਪਾ ਆਗੂ ਪ੍ਰਨੀਤ ਕੌਰ ਦੇ ਘਰ ਅੱਗੇ ਲਾ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ