Srinagar News: ਜੰਮੂ-ਕਸ਼ਮੀਰ ਦੇ ਗਾਂਦਰਬਲ ‘ਚ ਹੋਏ ਵੱਡੇ ਅੱਤਵਾਦੀ ਹਮਲੇ ‘ਚ ਡਾਕਟਰ ਸਮੇਤ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਹਮਲੇ ‘ਚ ਪੰਜ ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਸਕੀਮਜ਼ ਸ਼੍ਰੀਨਗਰ ਅਤੇ ਉਪ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ (ਟੀਆਰਐੱਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੋ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਹੀ ਇੱਕ ਸ਼ਾਖਾ ਹੈ।
ਅੱਤਵਾਦੀ ਹਮਲੇ ਦੇ ਸਬੰਧ ‘ਚ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲਾਵਰਾਂ ਨੇ ਐਤਵਾਰ ਰਾਤ ਨੂੰ ਲੇਬਰ ਕੈਂਪ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਕੈਂਪ ਵਿੱਚ ਸ੍ਰੀਨਗਰ-ਲੇਹ ਕੌਮੀ ਮਾਰਗ ’ਤੇ ਗਗਨਗੀਰ ਵਿੱਚ ਜ਼ੈੱਡ-ਮੋਰ ਸੁਰੰਗ ਦੇ ਨਿਰਮਾਣ ਵਿੱਚ ਲੱਗੀ ਇੱਕ ਕੰਪਨੀ ਦੇ ਕਾਮੇ ਠਹਿਰੇ ਹੋਏ ਸਨ। ਹਮਲੇ ਨੂੰ ਟਾਰਗੇਟ ਕਿਲਿੰਗ ਦੱਸਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ‘ਚ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਡਾਕਟਰ ਸਮੇਤ ਪੰਜ ਹੋਰਾਂ ਦੀ ਬਾਅਦ ‘ਚ ਮੌਤ ਹੋ ਗਈ। ਪੰਜ ਜ਼ਖ਼ਮੀਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਅਤੇ ਸਕੀਮਜ਼ ਸ੍ਰੀਨਗਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਗੁਰਦਾਸਪੁਰ ਪੰਜਾਬ ਨਿਵਾਸੀ ਗੁਰਮੀਤ ਸਿੰਘ, ਬਡਗਾਮ ਨਿਵਾਸੀ ਡਾਕਟਰ ਸ਼ਾਹਨਵਾਜ਼, ਅਨਿਲ ਕੁਮਾਰ ਸ਼ੁਕਲਾ, ਫਹੀਮ ਨਜ਼ੀਰ, ਸ਼ਸ਼ੀ ਅਬਰੋਲ, ਮੁਹੰਮਦ ਹਨੀਫ ਅਤੇ ਕਲੀਮ ਵਜੋਂ ਹੋਈ ਹੈ।
ਹਿੰਦੂਸਥਾਨ ਸਮਾਚਾਰ