Bathinda News: ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਦਿਵਾਲੀ ਦਾ ਤਿਉਹਾਰ ਅਤੇ ਗੁਰਪੁਰਬ ਦਾ ਦਿਹਾੜਾ ਮਨਾਉਣ ਦੇ ਮੱਦੇਨਜ਼ਰ 29, 30,ਅਕਤੂਬਰ 2024 ਅਤੇ 14 ਨਵੰਬਰ 2024 ਨੂੰ ਆਤਿਸ਼ਬਾਜੀ ਅਤੇ ਪਟਾਖਿਆਂ ਦੀ ਵਿਕਰੀ ਕਰਨ ਲਈ ਥਾਵਾਂ ਨਿਸ਼ਚਿਤ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਰਾਹੀਂ ਦੱਸਿਆ ਕਿ ਨਿਸ਼ਚਿਤ ਕੀਤੀਆਂ ਥਾਵਾਂ ਚ ਸਥਾਨਕ ਨਗਰ ਸੁਧਾਰ ਟਰਸਟ ਦਫਤਰ ਦੇ ਸਾਹਮਣੇ, ਸਥਾਨਕ ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਗੋਨਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੁੱਚੋ ਮੰਡੀ, ਕੈਟਲ ਫੇਅਰ ਗਰਾਊਂਡ ਨਜਦੀਕ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਰਾਮਾ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਸਾਬੋ, ਖੇਡ ਸਟੇਡੀਅਮ ਨੇੜੇ ਸੂਆ ਵਾਲਾ ਪੁਲ ਮੰਡੀ ਰਾਮਪੁਰਾ ਫੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ ਭਗਤਾ ਭਾਈਕਾ ਅਤੇ ਐਸ.ਡੀ ਹਾਈ ਸਕੂਲ ਮੌੜ ਆਦਿ ਸ਼ਾਮਿਲ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਸਟਾਲਾਂ ਲਗਾ ਕੇ ਪਟਾਕਿਆਂ ਦੀ ਵਿਕਰੀ ਕਰਨ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਆਮ ਪਬਲਿਕ ਤੋਂ ਦਰਖਾਸਤਾਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਰਾਹੀਂ ਮਿਤੀ 20, 21 ਅਤੇ 22 ਅਕਤੂਬਰ 2024 ਨੂੰ ਪ੍ਰਾਪਤ ਕੀਤੀਆਂ ਜਾਣੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਆਰਜੀ ਲਾਈਸੈਂਸਾਂ ਲਈ ਡਰਾਅ ਮਿਤੀ 23 ਅਕਤੂਬਰ 2024 ਨੂੰ ਬਾਅਦ ਦੁਪਹਿਰ 3 ਵਜੇ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਕੱਢਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਥਾਵਾਂ ਤੇ ਸਟਾਲਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਦੁਆਰਾ ਲਗਵਾਈਆਂ ਜਾਣਗੀਆਂ।ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਰਾਹੀਂ ਦੱਸਿਆ ਕਿ ਪਟਾਕੇ ਰੱਖਣ ਵਾਲੀ ਥਾਂ ਕਾਫੀ ਮਜਬੂਤ ਹੋਵੇ, ਸਟਾਲ ਦੇ ਆਲੇ-ਦੁਆਲੇ ਇੱਕ ਸੁਰੱਖਿਆ ਘੇਰਾ ਬਣਾਇਆ ਹੋਵੇ ਤਾਂ ਜੋ ਕੋਈ ਅਣਅਧਿਕਾਰਤ ਵਿਅਕਤੀ ਇਸ ਸਟਾਲ ਵਿੱਚ ਦਾਖਲ ਨਾ ਹੋ ਸਕੇ। ਹੁਕਮ ਰਾਹੀਂ ਦੱਸਿਆ ਕਿ ਸਟਾਲ ਵਿੱਚ ਪ੍ਰਯੋਗ ਕਰਨ ਵਾਲੇ ਟੇਬਲ, ਕੱਪੜਾ ਆਦਿ ਜਲਣਸ਼ੀਲ ਪਦਾਰਥ ਦਾ ਨਾ ਬਣਿਆ ਹੋਵੇ। ਇਹ ਸਟਾਲ ਇੱਕ ਦੂਸਰੇ ਤੋਂ ਘੱਟੋ-ਘੱਟ ਤਿੰਨ ਮੀਟਰ ਦੀ ਦੂਰੀ ‘ਤੇ ਹੋਣਗੇ ਕਿਸੇ ਵੀ ਸਟਾਲ ਦਾ ਮੂੰਹ ਇੱਕ ਦੂਸਰੇ ਵੱਲ ਨਾ ਹੋਵੇ।
ਹੁਕਮ ਰਾਹੀਂ ਦੱਸਿਆ ਕਿ ਸਟਾਲਾਂ ਵਿੱਚ ਰੋਸ਼ਨੀ ਦੇ ਪ੍ਰਬੰਧ ਲਈ ਕੋਈ ਵੀ ਵਿਅਕਤੀ ਮਿੱਟੀ ਦੇ ਤੇਲ ਨਾਲ ਜਲਣ ਵਾਲੀ ਲਾਲਟੈਨ, ਗੈਸ ਨਾਲ ਚੱਲਣ ਵਾਲਾ ਲੈਂਪ, ਮੋਮਬੱਤੀਆਂ, ਮਾਚਿਸ ਇਸਤੇਮਾਲ ਨਹੀਂ ਕਰੇਗਾ। ਜੇਕਰ ਕਿਸੇ ਬਿਜਲੀ ਦੇ ਉਪਕਰਨ ਦਾ ਇਸਤੇਮਾਲ ਰੋਸ਼ਨੀ ਲਈ ਕੀਤਾ ਜਾਂਦਾ ਹੈ ਤਾਂ ਇਹ ਕੰਧ ਜਾਂ ਛੱਤ ਨਾਲ ਪੂਰੀ ਤਰ੍ਹਾਂ ਜੁੜੇ ਹੋਣੇ ਚਾਹੀਦੇ ਹਨ ਨਾ ਕਿ ਤਾਰ ਨਾਲ ਹਵਾ ਵਿੱਚ ਲਟਕਦੇ ਹੋਣ। ਸਾਰੇ ਸਵਿੱਚਾਂ ਨੂੰ ਤਰੀਕੇ ਨਾਲ ਕੰਧ ਜਾਂ ਛੱਤ ਨਾਲ ਜੋੜ ਕੇ ਰੱਖਿਆ ਜਾਵੇ।ਸਵੱਛ ਭਾਰਤ ਅਭਿਆਨ ਦੇ ਤਹਿਤ ਸਟਾਲਾਂ ਦਾ ਆਲਾ-ਦੁਆਲਾ ਸਾਫ ਸੁਥਰਾ ਰੱਖਿਆ ਜਾਵੇ। ਕਿਸੇ ਵੀ ਸਟਾਲ ਦੇ 50 ਮੀਟਰ ਦੇ ਅੰਦਰ-ਅੰਦਰ ਕੋਈ ਵੀ ਪਟਾਕਾ ਖੁੱਲੇ ਵਿੱਚ ਨਾ ਰੱਖਿਆ ਜਾਵੇ। ਇਹਨਾਂ ਥਾਵਾਂ ‘ਤੇ ਅੱਗ ਵਝਾਉਣ ਦਾ ਯੋਗ ਇੰਤਜਾਮ ਕੀਤਾ ਜਾਵੇ।
ਹੁਕਮਾਂ ਅਨੁਸਾਰ ਸਬੰਧਤ ਉਪ ਮੰਡਲ ਮੈਜਿਸਟਰੇਟ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੌਕੇ ਦੀ ਜਰੂਰਤ ਅਨੁਸਾਰ ਇੰਤਜ਼ਾਮ ਕਰਵਾ ਸਕਦੇ ਹਨ। ਪਟਾਕੇ ਰੱਖਣ ਦੀਆਂ ਥਾਵਾਂ ਨੂੰ ਨੋ-ਸਮੋਕਿੰਗ ਏਰੀਆ ਘੋਸ਼ਿਤ ਕੀਤਾ ਜਾਂਦਾ ਹੈ। ਕੋਈ ਜਲਣਸ਼ੀਲ ਪਦਾਰਥ ਮਾਚਿਸ/ਲਾਈਟਰ ਆਦਿ ਲਿਆਉਣ ਦੀ ਪਾਬੰਦੀ ਹੋਵੇਗੀ। ਇਹਨਾਂ ਸਟਾਲਾਂ ਨੂੰ ਬਿਜਲੀ ਦੇ ਖੰਭੇ ਤੋਂ ਦੂਰ ਰੱਖਿਆ ਜਾਵੇ। ਚਾਈਨੀਜ ਪਟਾਕੇ ਵੇਚਣ ਅਤੇ ਸਟੋਰ ਕਰਨ ਲਈ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਨਿਸ਼ਚਿਤ ਕੀਤੀਆਂ ਥਾਵਾਂ ਦੇ 50 ਮੀਟਰ ਦੇ ਘੇਰੇ ਤੱਕ ਪਟਾਕੇ ਚਲਾਉਣ ਦੀ ਪਾਬੰਦੀ ਹੋਵੇਗੀ। ਇਹਨਾਂ ਸਟਾਲਾਂ ‘ਤੇ ਚਾਇਲਡ ਲੇਬਰ ਨਾ ਕਰਵਾਈ ਜਾਵੇ। ਵਿਕਰੇਤਾ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਬੱਚਾ ਜੋ 14 ਸਾਲ ਤੋਂ ਘੱਟ ਹੈ ਉਹ ਪਟਾਕਿਆਂ ਦੀ ਸੇਲ ਨਾ ਕਰੇ। ਜਾਰੀ ਹੁਕਮ ਅਨੁਸਾਰ ਐਕਸਪਲੋਜਿਵ ਐਕਟ 1884 ਦੇ ਚੈਪਟਰ 7 ਵਿੱਚ ਦਿੱਤੀਆਂ ਧਰਾਵਾਂ ਦੀ ਇਨ-ਬਿਨ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇ।
ਹਿੰਦੂਸਥਾਨ ਸਮਾਚਾਰ