Mexico/New Delhi:ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਮੈਕਸੀਕੋ ਸਿਟੀ ਵਿੱਚ ਮੈਕਸੀਕੋ ਦੇ ਵਿੱਤ ਅਤੇ ਜਨਤਕ ਕਰਜ਼ੇ ਦੇ ਸਕੱਤਰ ਡਾ. ਰੋਗੇਲੀਓ ਰਾਮੀਰੇਜ ਡੇ ਲਾ ਓ ਨਾਲ ਮੁਲਾਕਾਤ ਕੀਤੀ। ਜਿਸ ‘ਚ ਦੋਵਾਂ ਆਗੂਆਂ ਵਿਚਾਲੇ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਸੀਤਾਰਮਨ ਨੇ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਨੂੰ ਮੈਕਸੀਕਨ ਸਰਕਾਰ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਭਾਰਤ ਦੇ ਡਿਜੀਟਲ ਪਰਿਵਰਤਨ ‘ਤੇ ਆਧਾਰਿਤ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ‘ਚ ਖੁਸ਼ੀ ਹੋਵੇਗੀ।
‘ਐਕਸ’ ਪੋਸਟ ‘ਤੇ ਜਾਰੀ ਇਕ ਬਿਆਨ ਵਿਚ, ਵਿੱਤ ਮੰਤਰੀ ਦੇ ਦਫਤਰ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਨੇ ਆਪਣੇ ਮੈਕਸੀਕਨ ਹਮਰੁਤਬਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਨੇ ਇਕ ਅਰਬ ਤੋਂ ਵੱਧ ਬੈਂਕ ਖਾਤੇ, ਮੋਬਾਈਲ ਫੋਨ ਅਤੇ ਡਿਜੀਟਲ ਪਛਾਣ ਆਧਾਰ, ਯੂਨੀਫਾਈਡ ਪੇਮੈਂਟ ਇੰਟਰਫੇਸ ਯੂ.ਪੀ.ਆਈ, ਅਕਾਊਂਟ ਐਗਰੀਗੇਟਰ ਅਤੇ ਡਾਇਰੈਕਟ ਬੈਨੀਫਿਟ ਟਰਾਂਸਫਰ ਡੀਬੀਟੀ ਦੀ ਬੁਨਿਆਦ ਦਾ ਲਾਭ ਉਠਾ ਕੇ, ਇੱਕ ਨਵੀਂ ਡਿਜੀਟਲ ਅਰਥਵਿਵਸਥਾ ਬਣਾਉਣ, ਕਮਜ਼ੋਰ ਲੋਕਾਂ ਦੇ ਨਾਲ-ਨਾਲ ਵੱਡੇ ਸਮਾਜ ਨੂੰ ਸਸ਼ਕਤ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਲਗਾਤਾਰ ਦੂਜੀ ਵਾਰ ਵਿੱਤ ਅਤੇ ਜਨਤਕ ਕਰਜ਼ਾ ਸਕੱਤਰ ਵਜੋਂ ਨਿਯੁਕਤ ਕੀਤੇ ਜਾਣ ‘ਤੇ ਡਾ. ਰੋਗੇਲੀਓ ਰਮੀਰੇਜ਼ ਡੇ ਲਾ ਓ ਨੂੰ ਵਧਾਈ ਦਿੱਤੀ। ਵਿਵੇਕਪੂਰਣ ਵਿੱਤੀ ਨੀਤੀਆਂ ਦੇ ਬਾਅਦ ਪਿਛਲੇ 6 ਸਾਲਾਂ ਵਿੱਚ ਮੈਕਸੀਕਨ ਅਰਥਚਾਰੇ ਦੇ ਮਜ਼ਬੂਤ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ।
ਉੱਥੇ ਹੀ ਡਾ. ਰੋਗੇਲੀਓ ਰਾਮੀਰੇਜ ਨੇ ਸਮੁੱਚੇ ਤੌਰ ‘ਤੇ ਆਬਾਦੀ ਦੀ ਮਦਦ ਕਰਨ ਲਈ ਮੈਕਸੀਕਨ ਸ਼ਾਸਨ ਦੇ ਬੁਨਿਆਦੀ ਥੰਮ੍ਹਾਂ ਨੂੰ ਸਾਂਝਾ ਕੀਤਾ। ਇਨ੍ਹਾਂ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਮਰਥਨ, ਸਾਰਥਕ ਬੁਨਿਆਦੀ ਢਾਂਚਾ ਵਿਕਾਸ, ਅਤੇ ਸਪਲਾਈ-ਸਾਈਡ ਉਪਾਅ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ