New York News: ਅਮਰੀਕਾ ਵਿੱਚ ਅਲਗਾਵਵਾਦੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਦੇ ਮਾਮਲੇ ਵਿੱਚ ਸੰਘੀ ਵਕੀਲਾਂ ਨੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਇੱਕ ਭਾਰਤੀ ਰਾਅ ਅਧਿਕਾਰੀ ਵਿਕਾਸ ਯਾਦਵ ’ਤੇ ਕਤਲ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਾਏ ਹਨ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਵਿਕਾਸ ਯਾਦਵ ਫਰਾਰ ਹੈ। ਉਸਦੇ ਸਹਿ-ਸਾਜ਼ਿਸ਼ਕਾਰ ਨਿਖਿਲ ਗੁਪਤਾ ਨੂੰ ਪਿਛਲੇ ਸਾਲ ਪ੍ਰਾਗ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਤੋਂ ਬਾਅਦ ਅਮਰੀਕਾ ਦੀ ਜੇਲ ‘ਚ ਬੰਦ ਹੈ।
ਵਿਕਾਸ ਯਾਦਵ ਪਹਿਲਾਂ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਨਾਲ ਜੁੜੇ ਸੀ। ਅਮਰੀਕਾ ਨੇ ਉਨ੍ਹਾਂ ‘ਤੇ ਅਲਗਾਵਵਾਦੀ ਅੱਤਵਾਦੀ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਅਮਰੀਕੀ ਨਿਆਂ ਵਿਭਾਗ ਨੇ ਉਨ੍ਹਾਂ ‘ਤੇ ਹੱਤਿਆ ਦੀ ਕੋਸ਼ਿਸ਼ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ। ਵਿਕਾਸ ਯਾਦਵ ‘ਤੇ ਪੰਨੂ ਦੀ ਹੱਤਿਆ ਲਈ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਨਿਯੁਕਤ ਕਰਨ ਦਾ ਦੋਸ਼ ਹੈ। ਇਲਜ਼ਾਮ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਰਾਅ ਏਜੰਟ ਵਿਕਾਸ ਯਾਦਵ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਨਿਖਿਲ ਗੁਪਤਾ ਨੂੰ ਹਾਇਰ ਕੀਤਾ ਸੀ। ਵਿਕਾਸ ਯਾਦਵ ਫਿਲਹਾਲ ਭਾਰਤ ‘ਚ ਹੈ ਪਰ ਅਮਰੀਕੀ ਅਧਿਕਾਰੀ ਉਸ ਦੀ ਹਵਾਲਗੀ ਦੀ ਮੰਗ ਕਰ ਸਕਦੇ ਹਨ।
ਨਿਖਿਲ ਗੁਪਤਾ ਨੂੰ ਪਿਛਲੇ ਸਾਲ ਜੂਨ ਵਿੱਚ ਪ੍ਰਾਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਹਾਲਾਂਕਿ ਨਿਖਿਲ ਨੇ ਖੁਦ ਨੂੰ ਬੇਕਸੂਰ ਹੋਣ ਦਾ ਦਾਅਵਾ ਕੀਤਾ ਸੀ। ਐਫਬੀਆਈ (FBI) ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਫਬੀਆਈ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਵਿਰੁੱਧ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ। ਉਸ ਅਨੁਸਾਰ, ਇਹ ਸਾਜ਼ਿਸ਼ ਕਥਿਤ ਤੌਰ ‘ਤੇ ਮਈ 2023 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਉਸ ਸਮੇਂ ਵਿਕਾਸ ਯਾਦਵ ਨੇ ਕਥਿਤ ਤੌਰ ‘ਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀ ਹੱਤਿਆ ਲਈ ਮਦਦ ਕੀਤੀ। ਉਸਦਾ ਨਿਸ਼ਾਨਾ ਗੁਰਪਤਵੰਤ ਸਿੰਘ ਪੰਨੂ ਸੀ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਸ ਮਾਮਲੇ ਦੀ ਜਾਂਚ ਸਬੰਧੀ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਭਾਰਤ ਦੇ ਸਹਿਯੋਗ ਤੋਂ ਸੰਤੁਸ਼ਟ ਹਾਂ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਅਸੀਂ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ।
ਹਿੰਦੂਸਥਾਨ ਸਮਾਚਾਰ