Batala News: ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਦਫਤਰ ਉਪ ਮੰਡਲ ਮੈਜਿਸਟਰੇਟ ਬਟਾਲਾ ਵਿਖੇ, ਵਿਕਰਮਜੀਤ ਸਿੰਘ ਪਾਂਥੇ, ਉਪ ਮੰਡਲ ਮੈਜਿਸਟਰੇਟ ਬਟਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਭਿਸ਼ੇਕ ਵਰਮਾ, ਨਾਇਬ ਤਹਿਸੀਲਦਾਰ ਬਟਾਲਾ, ਨਿਰਮਲ ਸਿੰਘ ਨਇਬ ਤਹਿਸੀਲਦਾਰ ਕਾਦੀਆਂ, ਹਰਮਨਜੀਤ ਸਿੰਘ ਚੀਮਾ ਨਾਇਬ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਸੁੰਦਰ ਸ਼ਰਮਾ ਸੁਪਰਡੰਟ ਮੀਟਿੰਗ ਵਿੱਚ ਹਾਜਰ ਸਨ।
ਮੀਟਿੰਗ ਵਿੱਚ ਐਸ. ਡੀ. ਐਮ ਬਟਾਲਾ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡਾਂ ਦੀ ਹਰ ਰੋਜ਼ ਵਿਜ਼ਟ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਇੱਕ ਕਾਨੂੰਨੀ ਅਪਰਾਧ ਹੈ ਅਤੇ ਇਸ ਨਾਲ ਵਾਤਾਵਰਣ ਦੁਸ਼ਿਤ ਹੁੰਦਾ ਹੈ ਅਤੇ ਕਈ ਕਿਸਮ ਦੀਆਂ ਬਿਮਾਰੀਆਂ ਵੀ ਫੈਸਲਦੀਆਂ ਹਨ। ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਕਿਸਾਨ ਵੱਲੋਂ ਫਿਰ ਵੀ ਅੱਗ ਲਗਾਈ ਜਾਂਦੀ ਹੈ ਤਾਂ ਉਸਦਾ ਚਲਾਨ ਹੋਵੇਗਾ ਅਤੇ 2500 ਰੁਪਏ ਜੁਰਮਾਨਾ ਵੀ ਹੋਵੇਗਾ ਅਤੇ ਇਸਦੇ ਨਾਲ-ਨਾਲ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਤੇ ਉਸਦੇ ਮਾਲ ਰਿਕਾਰਡ ਵਿੱਚ ਰੈਡ ਐਂਟਰੀ ਕਰ ਦਿੱਤੀ ਜਾਵੇਗੀ, ਜਿਸ ਨਾਲ ਕਿਸਾਨ ਨੂੰ ਕਈ ਕਿਸਮ ਦੀਆਂ ਅੜਚਣਾਂ ਆ ਸਕਦੀਆਂ ਹਨ। ਐਸ. ਡੀ. ਐਮ ਬਟਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਇਹ ਵੀ ਅਪੀਲ ਕੀਤੀ ਜਾਵੇ ਕਿ ਉਹ ਮਾਨਯੋਗ ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵੱਲੋਂ ਜਾਰੀ ਹੋਏ ਆਦੇਸ਼ਾਂ ਦੀ ਪਾਲਣਾ ਵਿੱਚ ਕੰਬਾਇਨਾਂ ਹਾਰਵੈਸਟਰ, ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਹੀ ਚਲਾਉਣ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਅਤੇ ਸਬੰਧਤ ਵਿਭਾਗਾਂ ਵਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਖੇਤੀ ਸੰਦ ਮੁਹੱਈਆ ਕਰਵਾਏ ਗਏ ਹਨ, ਇਸ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਪਰਾਲੀ/ਨਾੜ ਨਾ ਸਾੜ ਕੇ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ