Gujrat Earthquake: ਕੱਛ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਦਾ ਕੇਂਦਰ ਕੱਛ ਜ਼ਿਲ੍ਹੇ ਦੇ ਖਵਡਾ ਤੋਂ 47 ਕਿਲੋਮੀਟਰ ਦੂਰ ਸੀ। ਵਿਭਾਗ ਮੁਤਾਬਕ ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4 ਦਰਜ ਕੀਤੀ ਗਈ ਹੈ। ਵੀਰਵਾਰ ਤੜਕੇ 3.54 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਇਲਾਕਿਆਂ ‘ਚ ਦਹਿਸ਼ਤ ਫੈਲ ਗਈ। ਹਾਲਾਂਕਿ ਇਸ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਸਥਾਨਕ ਲੋਕਾਂ ਮੁਤਾਬਕ ਕੱਛ ‘ਚ ਮਹੀਨੇ ਦੌਰਾਨ 2 ਤੋਂ 4 ਤੀਬਰਤਾ ਦੇ ਭੂਚਾਲ ਆਉਂਦੇ ਰਹੇ ਹਨ। ਭੂਚਾਲ ਵਿਭਾਗ ਇੱਥੇ ਵਾਰ-ਵਾਰ ਆਉਣ ਵਾਲੇ ਭੁਚਾਲਾਂ ‘ਤੇ ਖੋਜ ਕਰ ਰਿਹਾ ਹੈ। ਸਾਲ 2015 ਵਿੱਚ ਵਿਗਿਆਨ ਮੰਤਰਾਲੇ ਨੇ ਕੱਛ ਦੀ ਪੰਡਿਤ ਸ਼ਿਆਮਜੀ ਕ੍ਰਿਸ਼ਨਾ ਵਰਮਾ ਕੱਛ ਯੂਨੀਵਰਸਿਟੀ ਨੂੰ ਭੂਚਾਲਾਂ ਬਾਰੇ ਖੋਜ ਕਰਨ ਲਈ ਕਿਹਾ ਸੀ। 8 ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਵਾਰ-ਵਾਰ ਆਉਣ ਵਾਲੇ ਭੁਚਾਲਾਂ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਕ ੲਜਾਣਕਾਰੀ ਮੁਤਾਬਕ ਕੱਛ ਦੇ ਵਾਗਡ ਖੇਤਰ ‘ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਵਾਗਡ ਵਿਚ ਦੱਖਣੀ ਵਾਗਡ ਫਾਲਟਲਾਈਨ ਅਤੇ ਕੱਛ ਮੇਨ ਫਾਲਟਲਾਈਨ ਦਾ ਸੰਗਮ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਦੋਹਾਂ ਲਾਈਨਾਂ ਦੇ ਮਿਲਣ ਕਾਰਨ ਰਾਪੜ, ਭਚਾਊ ਨੇੜੇ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਵਾਗਡ ਇਲਾਕੇ ਵਿੱਚ ਫਾਲਟ ਲਾਈਨ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹੈ। ਇਸ ਕਾਰਨ ਇੱਥੇ ਸਭ ਤੋਂ ਵੱਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਫਾਲਟਲਾਈਨ ਨੂੰ ਬੰਦ ਕਰਨਾ ਸੰਭਵ ਨਹੀਂ ਹੈ। ਨੁਕਸਾਨ ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ ਵਿੱਚ ਜੀਵਨ ਸ਼ੈਲੀ ਅਤੇ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਭੂਚਾਲ ਪੈਟਰਨ ਸਾਲਾਂ ਤੋਂ ਪੱਛਮ ਤੋਂ ਪੂਰਬ ਵੱਲ ਵਧ ਰਿਹਾ ਹੈ।
ਹਿੰਦੂਸਥਾਨ ਸਮਾਚਾਰ