Chandigarh News: 15 ਅਕਤੂਬਰ ਨੂੰ ਪੰਜਾਬ ’ਚ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ ’ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (ਡੀ. ਸੀ.) ਤੋਂ ਪ੍ਰਾਪਤ ਰਿਪੋਰਟ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੇ 4 ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ’ਚ ਪੰਚਾਇਤੀ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਚੋਣਾਂ ਦੁਬਾਰਾ ਕਦੋਂ ਕਰਵਾਈਆਂ ਜਾਣਗੀਆਂ, ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਜਲਦੀ ਹੀ ਫੈਸਲਾ ਲਿਆ ਜਾ ਸਕਦਾ ਹੈ।
ਜਿਨ੍ਹਾਂ ਥਾਵਾਂ ’ਤੇ ਮੁੜ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਮਾਨਸਾ, ਫ਼ਿਰੋਜ਼ਪੁਰ, ਮੋਗਾ ਅਤੇ ਪਟਿਆਲਾ ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਸ਼ਾਮਲ ਹਨ। ਸੂਬਾ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੀ ਮਾਨਸਾ ਖੁਰਦ ਪੰਚਾਇਤ ’ਚ ਸਰਪੰਚ ਅਤੇ 5 ਅਹੁਦਿਆਂ ਲਈ ਮੁੜ ਚੋਣ ਕਰਵਾਈ ਜਾਵੇਗੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਪਿੰਡ ਲੋਹਕੇ ਖੁਰਦ ਵਿਚ ਮੁੜ ਪੰਚਾਇਤੀ ਚੋਣਾਂ ਹੋਣਗੀਆਂ। ਮੋਗਾ ਜ਼ਿਲ੍ਹੇ ਦੀ ਪੰਚਾਇਤ ਕੋਟਲਾ ਮੇਹਰ ਸਿੰਘ ਵਾਲਾ ਦੇ ਪੋਲਿੰਗ ਬੂਥ ਨੰਬਰ 118 ਅਤੇ 119 ਵਿਚ ਮੁੜ ਵੋਟਾਂ ਪਾਉਣ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹਾ ਪਟਿਆਲਾ ਦੇ ਪਿੰਡ ਖੁੱਡਾ ਬਲਾਕ (ਸੰਗਰੂਰ), ਪਿੰਡ ਪੰਚਾਇਤ ਖੇਤੀ ਰਾਜੂ ਬਲਾਕ ਭੁਨਰਹੇੜੀ ਅਤੇ ਪਿੰਡ ਪੰਚਾਇਤ ਕਰੀਮ ਨਗਰ ਵਿਚ ਮੁੜ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ