Fatehgarh Sahib: ਜ਼ਿਲ੍ਹੇ ਦੀਆਂ 429 ਪੰਚਾਇਤਾਂ ਸਬੰਧੀ 141 ਸਰਪੰਚਾਂ ਤੇ 1538 ਪੰਚਾਂ ਨੂੰ ਸਰਬ ਸੰਮਤੀ ਨਾਲ ਪਹਿਲਾਂ ਹੀ ਚੁਣਿਆਂ ਗਿਆ ਸੀ ਤੇ ਅੱਜ ਸਰਪੰਚਾਂ ਦੀਆਂ 288 ਸੀਟਾਂ ਲਈ 709 ਉਮੀਦਵਾਰਾਂ ਅਤੇ ਪੰਚਾਂ ਦੀਆਂ 939 ਲਈ 1929 ਉਮੀਦਵਾਰਾਂ ਸਬੰਧੀ ਵੋਟਾਂ ਪਈਆਂ ਗਈਆਂ। ਇਹਨਾਂ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ ਸ਼ਾਮ 04 ਵਜੇ ਤਕ ਕਰੀਬ 67.1 ਫੀਸਦ ਮਤਦਾਨ ਹੋਇਆ। ਸਵੇਰੇ 10:00 ਵਜੇ ਤੱਕ 12.5 ਫੀਸਦ, ਦੁਪਹਿਰ 12:00 ਵਜੇ ਤੱਕ 31.23 ਫੀਸਦ ਅਤੇ ਦੁਪਹਿਰ 02:00 ਵਜੇ ਤੱਕ 44.7 ਫੀਸ ਵੋਟਿੰਗ ਦਰਜ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਾਂ ਪੈਣ ਦੀ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਈ ਹੈ ਅਤੇ ਕਿਸੇ ਵੀ ਪਾਸਿਓਂ ਕਿਸੇ ਝਗੜੇ ਆਦਿ ਦਾ ਮਾਮਲਾ ਸਾਹਮਣੇ ਨਹੀਂ ਆਇਆ। ਵੋਟਰਾਂ ਤੋਂ ਮਿਲੇ ਸਹਿਯੋਗ ਲਈ ਉਹਨਾਂ ਨੇ ਧੰਨਵਾਦ ਕੀਤਾ।
ਡਾ. ਥਿੰਦ ਨੇ ਦੱਸਿਆ ਕਿ ਸਰਹਿੰਦ ਬਲਾਕ ਵਿੱਚ ਪੰਚਾਇਤਾਂ ਦੀ ਗਿਣਤੀ 98, ਬਲਾਕ ਬਸੀ ਪਠਾਣਾਂ ਵਿੱਚ 78, ਅਮਲੋਹ ਬਲਾਕ ਵਿੱਚ 95, ਖਮਾਣੋਂ ਬਲਾਕ ਵਿੱਚ 72 ਅਤੇ ਖੇੜਾ ਬਲਾਕ ਵਿੱਚ ਪੰਚਾਇਤਾਂ ਦੀ ਗਿਣਤੀ 66 ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰਾਮ ਪੰਚਾਇਤਾਂ ਦੀਆਂ ਵੋਟਾਂ ਲਈ 2520 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ ਜਦੋਂ ਕਿ ਤਕਰੀਬਨ 700 ਕਰਮਚਾਰੀਆਂ ਨੂੰ ਰਿਜ਼ਰਵ ਰੱਖਿਆ ਗਿਆ ਸੀ।
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਹਨਾਂ ਚੋਣਾਂ ਸਬੰਧੀ ਪੁਲੀਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਤੇ ਪੁਲੀਸ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਨੇ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਵੋਟਰਾਂ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ