Patiala News: ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਇਸ਼ਾ ਸਿੰਗਲ ਨੇ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਐਕਸਪਲੋਸਿਵਜ ਰੂਲਜ਼-2008 ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਹਿਤ ਆਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਅੰਦਰ ਜਾਰੀ ਕੀਤੇ ਜਾਣ ਵਾਲੇ ਆਰਜ਼ੀ ਲਾਇਸੰਸ ਅਤੇ ਇਸ ਤੋਂ ਬਿਨ੍ਹਾਂ ਮਾਣਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਦਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 22 ਅਕਤੂਬਰ 2019 ਨੂੰ ਸਿਵਲ ਰਿਟ ਪਟੀਸ਼ਨ ਨੰਬਰ 23548 ਤਹਿਤ ਪਾਸ ਕੀਤੇ ਹੁਕਮਾਂ ਤਹਿਤ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਅੰਦਰ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ। ਪਾਬੰਦੀ ਸ਼ੁਦਾ ਪਟਾਕਿਆਂ ਦੀ ਵਿਕਰੀ ਦੀ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 728 ਆਫ਼ 2015 ਵਿੱਚ ਮਿਤੀ 23-10-2018 ਨੂੰ ਦੁਸਿਹਰਾ, ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਪਟਾਕੇ ਚਲਾਉਣ ਲਈ ਦਿੱਤੀ ਗਈ ਛੋਟ ਤਹਿਤ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਪਟਾਕੇ ਚਲਾਏ ਜਾਣ।
ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ। ਕ੍ਰਿਸਮਿਸ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਇਸੇ ਤਰ੍ਹਾਂ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਕਿਹਾ ਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ਸਮੇਂ ਪਟਾਕੇ ਆਦਿ ਚਲਾਉਣ ਲਈ ਮੈਰਿਜ ਪੈਲੇਸ ਮਾਲਕ ਵੱਲੋਂ ਇਸ ਸਬੰਧੀਂ ਲਾਇਸੈਂਸ ਲੈਣਾ ਲਾਜਮੀ ਹੋਵੇਗਾ ਤੇ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਬਿਨ੍ਹਾਂ ਸ਼ੋਭਾ ਯਾਤਰਾ, ਨਗਰ ਕੀਰਤਨ, ਪ੍ਰਭਾਤ ਫੇਰੀ ਅਤੇ ਹੋਰ ਸਮਾਗਮਾਂ ਮੌਕੇ ਪਟਾਕਿਆਂ ਨੂੰ ਚਲਾਉਣ ਲਈ ਵੀ ਲਾਇਸੈਂਸ ਲੈਣਾ ਲਾਜਮੀ ਹੈ। ਇਸ ਦੌਰਾਨ ਸੰਘਣੀ ਵੱਸੋਂ ਵਾਲੇ ਇਲਾਕਿਆਂ ਅਤੇ ਅੱਗ ਲੱਗਣ ਵਾਲੇ ਸੰਭਾਵਤ ਖੇਤਰਾਂ ‘ਚ ਪਟਾਕੇ ਚਲਾਉਣ ਦੀ ਸੰਪੂਰਨ ਮਨਾਹੀ ਹੋਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ, ਐਸ.ਐਸ.ਪੀ., ਸਾਰੇ ਐਸ.ਡੀ.ਐਮਜ, ਕਾਰਜਕਾਰੀ ਇੰਜਨੀਅਰ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਨੂੰ ਹਦਾਇਤਾਂ ਜਾਰੀ ਕਰਦਿਆਂ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ‘ਚ ਪਟਾਕੇ ਚਲਾਏ ਜਾਣ, ਉਸ ਇਲਾਕੇ ਦੇ ਥਾਣਾ ਮੁਖੀ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਵੇ।
ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਉਚ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਆਮ ਲੋਕ ਪਟਾਕੇ ਕੇਵਲ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਚਲਾਉਣ। ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਜਿੱਥੇ ਵਾਤਾਵਰਣ ‘ਤੇ ਮਾੜੇ ਪ੍ਰਭਾਵ ਪੈਂਦੇ ਹਨ, ਉਥੇ ਹੀ ਇਨ੍ਹਾਂ ਦੀ ਆਵਾਜ ਤੇ ਪ੍ਰਦੂਸਨ ਦਾ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਲਈ ਜਿੰਨ੍ਹਾ ਸੰਭਵ ਹੋ ਸਕੇ ਆਮ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।
ਹਿੰਦੂਸਥਾਨ ਸਮਾਚਾਰ