Ghaziabad News: ਗਾਜ਼ੀਆਬਾਦ ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਰਾਤ ਨੂੰ ਵੱਖ-ਵੱਖ ਖੇਤਰਾਂ ਵਿੱਚ ਮੁਕਾਬਲੇ ਦੌਰਾਨ ਅਪਰਾਧਿਕ ਗਤੀਵਿਧੀਆਂ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ‘ਤੇ ਨਾਬਾਲਗ ਲੜਕੀ ਨਾਲ ਜਬਰ ਜ਼ਨਾਹ ਕਰਨ ਦਾ ਦੋਸ਼ ਹੈ ਜਦਕਿ ਦੂਜੇ ‘ਤੇ ਪੈਸਿਆਂ ਨੂੰ ਲੈ ਕੇ ਹੋਏ ਝਗੜੇ ‘ਤੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼ ਹੈ। ਮੁਕਾਬਲੇ ਦੌਰਾਨ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਏਸੀਪੀ ਨੰਦਗ੍ਰਾਮ ਪੂਨਮ ਮਿਸ਼ਰਾ ਨੇ ਮੰਗਲਵਾਰ ਨੂੰ ਦੱਸਿਆ ਕਿ ਨੰਦਗ੍ਰਾਮ ਦੇ ਰਹਿਣ ਵਾਲੇ ਚਾਟ ਹਲਵਾਈ ਨੇ ਨੰਦਗ੍ਰਾਮ ਪੁਲਿਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਈ ਸੀ ਕਿ ਇਕ ਵਿਅਕਤੀ ਉਸਦੀ 7 ਸਾਲਾ ਬੇਟੀ ਨੂੰ ਮੇਲੇ ‘ਚ ਲੈ ਕੇ ਆਈਸਕ੍ਰੀਮ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਸਾਈ ਉਪਵਨ ਨੇੜੇ ਹਿੰਡਨ ਨਦੀ ਦੇ ਕੰਢੇ ਉਸ ਨਾਲ ਜਬਰ ਜ਼ਨਾਹ ਕੀਤਾ। ਪੁਲਿਸ ਨੇ ਮਾਮਲੇ ਦੀ ਰਿਪੋਰਟ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਸੀਪੀ ਨੇ ਦੱਸਿਆ ਕਿ ਦੇਰ ਰਾਤ ਜਬਰ ਜ਼ਨਾਹ ਮਾਮਲੇ ਦੇ ਮੁਲਜ਼ਮ ਸੱਦਾਮ ਵਾਸੀ ਨੰਦਗਰਾਮ ਨੂੰ ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਸਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਬਰਾਮਦ ਹੋਇਆ ਹੈ।
ਦੂਜਾ ਮੁਕਾਬਲਾ ਕਵੀ ਨਗਰ ਥਾਣਾ ਖੇਤਰ ਵਿੱਚ ਹੋਇਆ। ਏਸੀਪੀ ਅਭਿਸ਼ੇਕ ਸ੍ਰੀਵਾਸਤਵ ਨੇ ਦੱਸਿਆ ਕਿ 10 ਅਕਤੂਬਰ ਨੂੰ ਰਾਹੁਲ ਸਿੰਘ ਨਾਮਕ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਜਿਸਦੀ ਰਿਪੋਰਟ ਉਸ ਦੇ ਭਰਾ ਅਰੁਣ ਸਿੰਘ ਨੇ ਕਵੀ ਨਗਰ ਥਾਣੇ ਵਿੱਚ ਦਰਜ ਕਰਵਾਈ ਸੀ। ਪੁਲਿਸ ਉਦੋਂ ਤੋਂ ਹੀ ਕਾਤਲਾਂ ਦੀ ਭਾਲ ਕਰ ਰਹੀ ਸੀ। ਇਸ ਸਿਲਸਿਲੇ ‘ਚ ਸੋਮਵਾਰ ਰਾਤ ਤੋਂ ਪੁਲਿਸ ਸ਼ੱਕੀ ਵਾਹਨਾਂ ਦੀ ਤਲਾਸ਼ੀ ਮੁਹਿੰਮ ‘ਚ ਲੱਗੀ ਹੋਈ ਸੀ। ਉਦੋਂ ਦੋ ਨੌਜਵਾਨਾਂ ਨੂੰ ਮੋਟਰਸਾਈਕਲ ‘ਤੇ ਸ਼ੱਕੀ ਹਾਲਤ ‘ਚ ਆਉਂਦੇ ਦੇਖਿਆ ਗਿਆ।ਜਿਨ੍ਹਾਂ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਲੋਕ ਨਾ ਰੁਕੇ, ਸਗੋਂ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਣ ਲੱਗੇ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕੁਝ ਦੂਰੀ ’ਤੇ ਉਨ੍ਹਾਂ ਨੂੰ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਦੇਖ ਕੇ ਉਸਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸਦਾ ਇਕ ਹੋਰ ਸਾਥੀ ਫਰਾਰ ਹੋ ਗਿਆ। ਜ਼ਖ਼ਮੀ ਮੁਲਜ਼ਮ ਮਨੀਸ਼ ਉਰਫ਼ ਮੰਗਲ ਪਿੰਡ ਰਾਜਾਪੁਰ ਦਾ ਰਹਿਣ ਵਾਲਾ ਹੈ, ਜਦੋਂਕਿ ਫਰਾਰ ਮੁਲਜ਼ਮ ਦਾ ਨਾਮ ਵਿੱਕੀ ਹੈ, ਜੋ ਪਿੰਡ ਚਿਤੋੜਾ ਦਾ ਰਹਿਣ ਵਾਲਾ ਹੈ। ਕਾਬੂ ਕੀਤੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਜ਼ਖਮੀ ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਦਾ ਮ੍ਰਿਤਕ ਰਾਹੁਲ ਸਿੰਘ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਕਾਰਨ ਉਨ੍ਹਾਂ ਨੇ ਉਸਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਹਿੰਦੂਸਥਾਨ ਸਮਾਚਾਰ