Patiala News: ਪੰਜਾਬੀ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਨੂੰ ਆਈ.ਟੀ. ਸੈਕਟਰ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਜ਼ੌਕਸਿਮਾ ਅਤੇ ਈਮੀਕੋਨ ਵਿੱਚ ਨੌਕਰੀ ਪ੍ਰਾਪਤ ਹੋਈ ਹੈ। ਪਲੇਸਮੈਂਟ ਸੈੱਲ ਇੰਚਾਰਜ (ਇੰਜੀਨੀਅਰਿੰਗ) ਡਾ. ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਸਮੈਂਟ ਸੈੱਲ ਵੱਲੋਂ ਆਯੋਜਿਤ ਕੈਂਪਸ ਪਲੇਸਮੈਂਟ ਡਰਾਈਵ ਰਾਹੀਂ ਇਹ ਨੌਕਰੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਦੀ ਇਸ ਪਹਿਲੀ ਪਲੇਸਮੈਂਟ ਡਰਾਈਵ ਵਿੱਚ ਆਈ.ਟੀ ਸੈਕਟਰ ਦੀਆਂ ਬਹੁ-ਰਾਸ਼ਟਰੀ ਸੰਸਥਾਵਾਂ ਜ਼ੌਕਸਿਮਾ ਅਤੇ ਈਮੀਕੋਨ ਨੇ ਭਾਗ ਲਿਆ ਅਤੇ 2024-25 ਦੇ ਸੈਸ਼ਨ ਲਈ ਆਪਣੇ ਮੋਹਾਲੀ ਅਤੇ ਨੋਇਡਾ ਵਿਚਲੇ ਸਥਾਨਾਂ ਲਈ ਨੌਕਰੀਆਂ ਦੀ ਪੇਸ਼ਕਸ਼ ਕੀਤੀ। ਯੂਨੀਵਰਸਿਟੀ ਤੋਂ 200 ਵਿਦਿਆਰਥੀਆਂ ਨੇ ਇੰਟਰਵਿਊਆਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ ਇਨ੍ਹਾਂ 12 ਵਿਦਿਆਰਥੀਆਂ ਨੂੰ ਨੌਕਰੀ ਦੇ ਆਫ਼ਰ ਮਿਲੇ। ਕੰਪਨੀ ਦੇ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਸ਼ਿਆਂ ‘ਤੇ ਠੋਸ ਸਮਝ ਰੱਖਣ ਵਾਲੇ ਵਿਦਿਆਰਥੀਆਂ ਨੂੰ 3 ਲੱਖ ਤੋਂ 7 ਲੱਖ ਰੁਪਏ ਦਰਮਿਆਨ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਪਲੇਸਮੈਂਟ ਗਤੀਵਿਧੀ ਦੀ ਅਗਵਾਈ ਪਲੇਸਮੈਂਟ ਸੈੱਲ ਇੰਚਾਰਜ (ਇੰਜੀਨੀਅਰਿੰਗ) ਡਾ. ਜਸਵਿੰਦਰ ਸਿੰਘ ਅਤੇ ਸੀ.ਐੱਸ.ਈ. ਵਿਭਾਗ ਤੋਂ ਡਾ.ਗੌਰਵ ਦੀਪ ਵੱਲੋਂ ਕੀਤੀ ਗਈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਸੰਬੰਧਤ ਵਿਦਿਆਰਥੀਆਂ, ਉਨ੍ਹਾਂ ਦੇ ਵਿਭਾਗ ਅਤੇ ਪਲੇਸਮੈਂਟ ਸੈੱਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਲੇਸਮੈਂਟ ਦੇ ਅਜਿਹੇ ਯਤਨਾਂ ਨੂੰ ਸਰਕਾਰੀ ਯੂਨੀਵਰਸਿਟੀਆਂ ਲਈ ਇੱਕ ਮੀਲ ਪੱਥਰ ਵਜੋਂ ਦੇਖਿਆ ਜਾ ਸਕਦਾ ਹੈ, ਜਿੱਥੇ ਵਿਦਿਆਰਥੀ ਆਪਣੀ ਪਹਿਲੀ ਨੌਕਰੀ ਪ੍ਰਾਪਤ ਕਰਨ ਸਮੇਂ ਵੱਧ ਤੋਂ ਵੱਧ ਮੁਕਾਬਲੇ ਵਾਲੇ ਪੈਕੇਜ ਪ੍ਰਾਪਤ ਕਰ ਰਹੇ ਹਨ।
ਸੀ.ਐੱਸ.ਈ. ਵਿਭਾਗ ਦੇ ਮੁਖੀ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਮੌਕੇ ਬੋਲਦਿਆਂ ਉੱਚ ਤਨਖਾਹ ਅਤੇ ਉੱਚ ਮਿਆਰ ਵਾਲੀਆਂ ਨੌਕਰੀਆਂ ਨੂੰ ਪ੍ਰਾਪਤ ਕਰਨ ਲਈ ਸੰਚਾਰ ਹੁਨਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇੰਟਰਵਿਊ ਦੌਰਾਨ ਆਤਮਵਿਸ਼ਵਾਸ ਅਤੇ ਸਪਸ਼ਟ ਸੰਚਾਰ ਹੁਨਰ ਦਾ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਬਿਹਤਰ ਪੈਕੇਜਾਂ ਨਾਲ ਨਿਵਾਜਿਆ ਗਿਆ।
ਹਿੰਦੂਸਥਾਨ ਸਮਾਚਾਰ