Vietnam News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ 19ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਮਿਆਂਮਾਰ ਦੀ ਸਥਿਤੀ ‘ਤੇ ਆਸੀਆਨ ਦੇ ਦ੍ਰਿਸ਼ਟੀਕੋਣ ਅਤੇ ਪੰਜ-ਨੁਕਾਤੀ ਸਹਿਮਤੀ ਦਾ ਸਮਰਥਨ ਕਰਦਾ ਹੈ। ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ (ਪੀਆਈਬੀ) ਨੇ 19ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਦਾ ਬਿਆਨ ਜਾਰੀ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਮਾਨਵਤਾਵਾਦੀ ਸਹਾਇਤਾ ਬਣਾਈ ਰੱਖਣਾ ਮਹੱਤਵਪੂਰਨ ਹੈ ਅਤੇ ਲੋਕਤੰਤਰ ਦੀ ਬਹਾਲੀ ਲਈ ਵੀ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਦੇ ਲਈ ਮਿਆਂਮਾਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਸਨੂੰ ਅਲੱਗ-ਥਲੱਗ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਗੁਆਂਢੀ ਦੇਸ਼ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਸਮੁੰਦਰੀ ਗਤੀਵਿਧੀਆਂ ਅਨਕਲੋਸ ਤਹਿਤ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਫ੍ਰੀਡਮ ਆਫ਼ ਨੇਵੀਗੇਸ਼ਨ ਅਤੇ ਏਅਰ ਸਪੇਸ ਯਕੀਨੀ ਬਣਾਉਣਾ ਮਹੱਤਵਪੂਰਨ ਹੈ।। ਇੱਕ ਠੋਸ ਅਤੇ ਪ੍ਰਭਾਵੀ ਕੋਡ ਆਫ਼ ਕੰਡਕਟ ਬਣਾਈ ਜਾਣੀ ਚਾਹੀਦੀ। ਇਸ ਵਿੱਚ ਖੇਤਰੀ ਦੇਸ਼ਾਂ ਦੀ ਵਿਦੇਸ਼ ਨੀਤੀ ਨੂੰ ਨੱਥ ਨਹੀਂ ਪਾਉਣੀ ਚਾਹੀਦੀ। ਸਾਡੀ ਸਾਰਿਆਂ ਦੀ ਸੋਚ ਵਿਕਾਸ ਦੀ ਹੋਣੀ ਚਾਹੀਦੀ ਹੈ ਨਾ ਕਿ ਵਿਸਤਾਰਵਾਦ ਦੀ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਵੱਖ-ਵੱਖ ਖਿੱਤਿਆਂ ‘ਚ ਚੱਲ ਰਹੇ ਸੰਘਰਸ਼ਾਂ ਦਾ ਸਭ ਤੋਂ ਵੱਧ ਮਾੜਾ ਅਸਰ ਗਲੋਬਲ ਸਾਊਥ ਦੇ ਦੇਸ਼ਾਂ ‘ਤੇ ਪੈ ਰਿਹਾ ਹੈ। ਭਾਰਤ ਚਾਹੁੰਦਾ ਹੈ ਕਿ ਚਾਹੇ ਯੂਰੇਸ਼ੀਆ ਹੋਵੇ ਜਾਂ ਪੱਛਮੀ ਏਸ਼ੀਆ ਹੋਵੇ, ਸ਼ਾਂਤੀ ਅਤੇ ਸਥਿਰਤਾ ਜਲਦੀ ਤੋਂ ਜਲਦੀ ਬਹਾਲ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਮੈਂ ਬੁੱਧ ਦੀ ਧਰਤੀ ਤੋਂ ਆਇਆ ਹਾਂ। ਮੈਂ ਵਾਰ-ਵਾਰ ਕਿਹਾ ਹੈ ਕਿ ਇਹ ਯੁੱਧ ਦਾ ਯੁੱਗ ਨਹੀਂ ਹੈ। ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ। ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਮਨੁੱਖਤਾਵਾਦੀ ਦ੍ਰਿਸ਼ਟੀਕੋਣ ਨੂੰ ਮੁੱਖ ਰੱਖਦੇ ਹੋਏ ਸੰਵਾਦ ਅਤੇ ਕੂਟਨੀਤੀ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ। ਵਿਸ਼ਵਬੰਧੂ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਭਾਰਤ ਇਸ ਦਿਸ਼ਾ ਵਿੱਚ ਹਰ ਸੰਭਵ ਯੋਗਦਾਨ ਦਿੰਦਾ ਰਹੇਗਾ।’’
ਉਨ੍ਹਾਂ ਕਿਹਾ ਕਿ ਅੱਤਵਾਦ ਵੀ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਚੁਣੌਤੀ ਹੈ। ਇਸ ਦਾ ਸਾਹਮਣਾ ਕਰਨ ਲਈ ਮਨੁੱਖਤਾ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਤਾਕਤਾਂ ਨੂੰ ਮਿਲ ਕੇ ਕੰਮ ਕਰਨਾ ਹੀ ਹੋਵੇਗਾ। ਉਨ੍ਹਾਂ ਮਲੇਸ਼ੀਆ ਨੂੰ ਆਗਾਮੀ ਮੇਜ਼ਬਾਨ ਵਜੋਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਫਲ ਪ੍ਰਧਾਨਗੀ ਲਈ ਭਾਰਤ ਦੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ।
ਹਿੰਦੂਸਥਾਨ ਸਮਾਚਾਰ