Mohali News: ਪੁਲਸ ਸਟੇਸ਼ਨ ਫੇਜ਼-1 ਦੇ ਐਸ.ਐਚ.ਓ ਜਗਦੀਪ ਸਿੰਘ ਦੀ ਅਗਵਾਈ ਹੇਠ ਫੇਜ਼-5 ਵਿਖੇ ਬੀਤੀ ਦੇਰ ਰਾਤ ਤੱਕ ਵਿਸ਼ੇਸ਼ ਨਾਕਾ ਲਗਾਇਆ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੁੱਲ 15 ਵਾਹਨਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਸਟੇਸ਼ਨ ਫੇਜ਼-1 ਦੇ ਐਸ.ਐਚ.ਓ. ਜਗਦੀਪ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਐਸ.ਐਸ.ਪੀ ਦੀਪਕ ਪਾਰਿਕ ਦੀ ਹਦਾਇਤਾਂ ਦੇ ਅਨੁਸਾਰ ਪੁਲਿਸ ਵਲੋਂ ਚੋਣਾਂ ਦੇ ਮੱਦੇਨਜ਼ਰ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ ਲਾਲ ਬੱਤੀ ਦਾ ਉਲੰਘਣ ਕਰਨ, ਸੀਟ ਬੈਲਟ ਨਾ ਲਗਾਉਣ ਸਮੇਤ ਹੋਰ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਇਕ ਵਾਹਨ ਚਾਲਕ ਨੂੰ ਸੜਕ ਤੇ ਗੱਡੀ ਲੈ ਕੇ ਆਉਣ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤਾਂਕਿ ਟ੍ਰੈਫਿਕ ਨੂੰ ਸੁਚਾਰੂ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਮਯਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਗੱਡੀ ਚਲਾਉਣ ਸਮੇਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ ਚਾਹੀਦਾ ਅਤੇ ਗੱਡੀ ਦੇ ਪੂਰੇ ਦਸਤਾਵੇਜ਼ ਨਾਲ ਰੱਖਣੇ ਜ਼ਰੂਰੀ ਹਨ ਤਾਂ ਕਿ ਸਫਰ ਤੇ ਜਾਣ ਸਮੇਂ ਰਸਤੇ ਵਿਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਹਿੰਦੂਸਥਾਨ ਸਮਾਚਾਰ