Mumbai News: ਦੇਸ਼ ਦੇ ਉਦਯੋਗਪਤੀ ਅਨਮੋਲ ਰਤਨ ਟਾਟਾ ਦੇ ਦਿਹਾਂਤ ਨਾਲ ਉਦਯੋਗ ਜਗਤ ਵਿੱਚ ਸੋਗ ਦੀ ਲਹਿਰ ਹੈ। ਬੁੱਧਵਾਰ ਰਾਤ ਕਰੀਬ 11 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ 86 ਸਾਲ ਦੀ ਉਮਰ ‘ਚ ਉਨ੍ਹਾਂ ਦੀ ਮੌਤ ਹੋ ਗਈ। ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਤੋਂ ਲੈ ਕੇ ਐਸਬੀਆਈ ਦੇ ਚੇਅਰਮੈਨ ਸੀ.ਐਸ. ਸ਼ੈਟੀ ਨੇ ਉਨ੍ਹਾਂ ਦੇ ਦਿਹਾਂਤ ਨੂੰ ਸਾਰੇ ਭਾਰਤੀਆਂ ਲਈ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਿਆਨ ਵਿੱਚ ਕਿਹਾ, “ਇਹ ਭਾਰਤ ਅਤੇ ਭਾਰਤੀ ਉਦਯੋਗ ਲਈ ਬਹੁਤ ਦੁਖਦਾਈ ਹੈ। ਰਤਨ ਟਾਟਾ ਦਾ ਦਿਹਾਂਤ ਨਾ ਸਿਰਫ਼ ਟਾਟਾ ਗਰੁੱਪ ਲਈ ਸਗੋਂ ਹਰ ਭਾਰਤੀ ਲਈ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਰਤਨ ਟਾਟਾ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਮੈਂ ਇੱਕ ਪਿਆਰਾ ਮਿੱਤਰ ਗੁਆ ਲਿਆ ਹੈ। ਉਨ੍ਹਾਂ ਨਾਲ ਮੇਰੀ ਹਰ ਇੱਕ ਮੁਲਾਕਾਤ ਨੇ ਮੈਨੂੰ ਪ੍ਰੇਰਿਤ ਕੀਤਾ ਹੈ… ਰਤਨ ਟਾਟਾ, ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ…।”
ਆਦਿਤਿਆ ਬਿਰਲਾ ਗਰੁੱਪ ਦੇ ਮੁਖੀ ਕੁਮਾਰ ਮੰਗਲਮ ਬਿਰਲਾ ਨੇ ਜਾਰੀ ਬਿਆਨ ‘ਚ ਕਿਹਾ ਕਿ ਰਤਨ ਟਾਟਾ ਦੇ ਦਿਹਾਂਤ ਨਾਲ ਭਾਰਤ ਅਤੇ ਭਾਰਤੀ ਉਦਯੋਗ ਨੇ ਇਕ ਦੂਰਦਰਸ਼ੀ ਸ਼ਖਸੀਅਤ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੇ ਫੈਸਲਿਆਂ ਨੇ ਆਰਥਿਕ ਵਿਕਾਸ ਤੋਂ ਇਲਾਵਾ ਲੋਕਾਂ ਦੇ ਜੀਵਨ ਅਤੇ ਉਦਯੋਗਾਂ ਨੂੰ ਪ੍ਰਭਾਵਿਤ ਕੀਤਾ ਹੈ। ਮੇਰੇ ਪਰਿਵਾਰ ਅਤੇ ਮੇਰੀਆਂ ਕਈ ਪੀੜ੍ਹੀਆਂ ਦਾ ਉਨ੍ਹਾਂ ਨਾਲ ਪਿਛਲੇ ਕਈ ਦਹਾਕਿਆਂ ਤੋਂ ਗੂੜ੍ਹਾ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਟਾਟਾ ਸਮੂਹ ਦੇ ਸਭ ਤੋਂ ਵਧੀਆ ਆਦਰਸ਼ਾਂ ਨੂੰ ਮੂਰਤੀਮਾਨ ਕੀਤਾ। ਉਨ੍ਹਾਂ ਦੀ ਵਿਰਾਸਤ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਮਾਨਦਾਰੀ ਨਾਲ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।
ਮਹਿੰਦਰਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਨੀਸ਼ ਸ਼ਾਹ ਨੇ ‘ਐਕਸ’ ਪੋਸਟ ‘ਤੇ ਲਿਖਿਆ ਕਿ ਰਤਨ ਟਾਟਾ ਦਾ ਦ੍ਰਿਸ਼ਟੀਕੋਣ ਕਾਰੋਬਾਰ ਤੋਂ ਪਰੇ ਸੀ, ਜਿਸਨੇ ਇੱਕ ਪੀੜ੍ਹੀ ਨੂੰ ਉਦੇਸ਼ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਟੀਵੀਐਸ ਮੋਟਰ ਕੰਪਨੀ ਦੇ ਚੇਅਰਮੈਨ ਐਮੇਰੀਟਸ ਵੇਨੂ ਸ੍ਰੀਨਿਵਾਸਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮਰਹੂਮ ਰਤਨ ਟਾਟਾ ਸੱਚਮੁੱਚ ਸ਼ਾਨਦਾਰ ਕਾਰੋਬਾਰੀ ਸਨ ਜਿਨ੍ਹਾਂ ਨੇ ਦੇਸ਼ ਨੂੰ ਵਪਾਰਕ ਹਿੱਤਾਂ ਤੋਂ ਉੱਪਰ ਰੱਖਿਆ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਸੱਚਮੁੱਚ ਦੇਸ਼ ਅਤੇ ਇਸਦੇ ਲੋਕਾਂ ਲਈ ਤਬਦੀਲੀ ਵਾਲਾ ਸਾਬਤ ਹੋਇਆ। ਸ੍ਰੀਨਿਵਾਸਨ ਨੇ ਕਿਹਾ, “ਟਾਟਾ ਸੱਚਮੁੱਚ ਇੱਕ ਸ਼ਾਨਦਾਰ ਕਾਰੋਬਾਰੀ ਸਨ, ਇੱਕ ਅਜਿਹਾ ਉਦਯੋਗਪਤੀ ਜੋ ਇੱਕ ਦੇਸ਼ ਨੂੰ ਇੱਕ ਸਦੀ ਵਿੱਚ ਸਿਰਫ ਇੱਕ ਵਾਰ ਮਿਲਦਾ ਹੈ।”
ਆਰਪੀਐਸਜੀ ਗਰੁੱਪ ਦੇ ਚੇਅਰਮੈਨ ਸੰਜੀਵ ਗੋਇਨਕਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਤਨ ਟਾਟਾ ਦੇਿਦੇਹਾਂਤ ਨਾਲ ਦੁਨੀਆ ਨੇ ਇੱਕ ਸੱਚੇ ਦੂਰਅੰਦੇਸ਼ੀ ਅਤੇ ਮਾਨਵਤਾਵਾਦੀ ਨੂੰ ਗੁਆ ਦਿੱਤਾ ਹੈ। ਗੋਇਨਕਾ ਨੇ ਕਿਹਾ ਹੈ ਕਿ ਕਾਰੋਬਾਰ ਅਤੇ ਸਮਾਜ ਵਿੱਚ ਰਤਨ ਟਾਟਾ ਦਾ ਵਿਲੱਖਣ ਯੋਗਦਾਨ ਹਮੇਸ਼ਾ ਉਨ੍ਹਾਂ ਦੀ ਵਿਰਾਸਤ ਰਹੇਗਾ।
ਸੰਗੀਤਾ ਰੈੱਡੀ, ਸੰਯੁਕਤ ਮੈਨੇਜਿੰਗ ਡਾਇਰੈਕਟਰ, ਅਪੋਲੋ ਹਸਪਤਾਲ, ਨੇ ਕਿਹਾ ਕਿ ਰਤਨ ਟਾਟਾ ਨੇ ਅਣਗਿਣਤ ਵਿਅਕਤੀਆਂ ਨੂੰ ਪ੍ਰੇਰਿਤ ਕੀਤਾ। ਮੈਂ ਉਨ੍ਹਾਂ ਨਾਲ ਆਪਣੀਆਂ ਕੁਝ ਮੁਲਾਕਾਤਾਂ ਨੂੰ ਯਾਦ ਕਰਕੇ ਬਹੁਤ ਦੁਖੀ ਹਾਂ… ਮੈਨੂੰ ਹਰ ਮੁਲਾਕਾਤ ਵਿੱਚ ਉਨ੍ਹਾਂ ਦੀ ਬੁੱਧੀ ਅਤੇ ਦਿਆਲਤਾ ਨੇ ਬਹੁਤ ਪ੍ਰਭਾਵਿਤ ਕੀਤਾ।
ਉੱਥੇ ਹੀ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਚੇਅਰਮੈਨ ਸੀ.ਐਸ. ਸ਼ੈਟੀ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸ਼ੈਟੀ ਨੇ ਕਿਹਾ ਕਿ ਰਤਨ ਟਾਟਾ ਨੇ ਦੇਸ਼ ਦੇ ਉਦਯੋਗਿਕ ਅਤੇ ਪਰਉਪਕਾਰੀ ਲੈਂਡਸਕੇਪ ਨੂੰ ਆਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਟਾਟਾ ਸੰਨਜ਼ ਵਿੱਚ ਉਨ੍ਹਾਂ ਦੀ ਅਗਵਾਈ ਨੇ ਕਾਰਪੋਰੇਟ ਜ਼ਿੰਮੇਵਾਰੀ ਅਤੇ ਨਵੀਨਤਾ ਨੂੰ ਮੁੜ ਪਰਿਭਾਸ਼ਿਤ ਕੀਤਾ ਅਤੇ ਟਾਟਾ ਸਮੂਹ ਨੂੰ ਨੈਤਿਕ ਕਦਰਾਂ-ਕੀਮਤਾਂ ਵਾਲੀ ਇੱਕ ਵਿਸ਼ਵ ਸ਼ਕਤੀ ਵਜੋਂ ਸਥਾਪਿਤ ਕੀਤਾ।
ਹਿੰਦੂਸਥਾਨ ਸਮਾਚਾਰ