Faridkot News: ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਰਤੋਂ ਕਰਕੇ ਕਿਸਾਨ ਝੋਨੇ ਦੀ ਪਰਾਲੀ ਦਾ ਸਫਲਤਾਪੂਰਵਕ ਨਿਪਟਾਰਾ ਕਰ ਰਹੇ ਹਨ ਜਿਨ੍ਹਾਂ ਵਿਚੋ ਬਲਾਕ ਕੋਟਕਪੂਰਾ ਦੇ ਪਿੰਡ ਮੜਾਕ ਦੇ ਨਛੱਤਰ ਸਿੰਘ ਵੀ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਪਿਛਲੇ 4 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਕਿਸਾਨ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਸਫਲ ਬਿਜਾਈ ਕਰ ਰਿਹਾ ਅਤੇ ਬਾਕੀ ਪਿੰਡ ਵਾਲਿਆ ਲਈ ਇੱਕ ਚਾਨਣ ਮੁਨਾਰਾ ਬਣ ਕੇ ਉਭਰ ਰਿਹਾ ਹੈ।
ਕਿਸਾਨ ਨਛੱਤਰ ਸਿੰਘ ਇੱਕ ਅਗਾਂਹਵਧੂ ਸੋਚ ਵਾਲਾ ਕਿਸਾਨ ਹੈ। ਉਹ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਕਰਦਾ ਹੋਇਆ ਵਾਤਾਵਰਣ ਪੱਖੀ ਖੇਤੀ ਕਰਦਾ ਆ ਰਿਹਾ ਹੈ। ਉਹ ਪਿਛਲੇ 4 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਹੈਪੀ ਸੀਡਰ ਦੀ ਮਦਦ ਨਾਲ ਅਗਲੀ ਫਸਲ (ਕਣਕ) ਦੀ ਬਿਜਾਈ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਨਵੀਂ ਤਕਨਾਲੋਜੀ ਦੇ ਪੀ ਏ ਯੂ ਹੈਪੀ ਸੀਡਰ ਬਹੁਤ ਵਧੀਆ ਹਨ ਤੇ ਇਹਨਾਂ ਨਾਲ ਬੀਜੀ ਗਈ ਫਸਲ ਇਕਸਾਰ ਉਘਰਦੀ ਹੈ। ਇਸ ਵਿਧੀ ਰਾਹੀਂ ਉਸਦੇ ਡੀਜਲ ਦੀ ਖਪਤ ਵੀ ਅੱਧੀ ਰਹਿ ਗਈ ਹੈ ਅਤੇ ਕਣਕ ਦਾ ਝਾੜ ਵੀ ਰਵਾਇਤੀ ਬਿਜਾਈ ਨਾਲੋ ਵਧਿਆ ਹੈ। ਨਛੱਤਰ ਸਿੰਘ ਅਨੁਸਾਰ ਜਿੱਥੇ ਉਸਦੀ ਜ਼ਮੀਨ ਦਾ ਉਪਜਾਊਪਣ ਵਧ ਰਿਹਾ ਹੈ ਉੱਥੇ ਉਹ ਅੱਗ ਲਗਾਉਣ ਨਾਲ ਹੋ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਯੋਗਦਾਨ ਪਾ ਰਿਹਾ ਹੈ।
ਬਲਾਕ ਖੇਤੀਬਾੜੀ ਅਫਸਰ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਨਛੱਤਰ ਸਿੰਘ ਨੂੰ ਆਰ ਜੀ ਆਰ ਸੈਲ ਅਤੇ ਖੇਤੀਬਾੜੀ ਵਿਭਾਗ ਵਲੋਂ ਵੱਖ ਵੱਖ ਸਮੇਂ ਤੇ ਲਗਾਏ ਜਾਂਦੇ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਇਸ ਮੋਕੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਨਵੀਆਂ ਤਕਨੀਕਾਂ ਦੀ ਵਰਤੋ ਕਰਦੇ ਹੋਏ ਸਫਲ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰਨ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਵਾਤਾਵਰਨ ਵੀ ਦੂਸ਼ਿਤ ਹੋਣ ਤੋ ਬਚੇਗਾ।
ਹਿੰਦੂਸਥਾਨ ਸਮਾਚਾਰ