Haryana Elections Results: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਸਾਹਮਣਾ ਕਰਨਾ ਪਿਆ। ਕੁਰੂਕਸ਼ੇਤਰ ਜ਼ਿਲ੍ਹੇ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਨੂੰ ਹਾਰ ਦਾ ਮੁੰਹ ਵੇਖਣਾ ਪਿਆ। ਇੱਥੋਂ ਤੱਕ ਕਿ ਗੁਰਨਾਮ ਸਿੰਘ ਚੜੂਨੀ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਚੜੂਨੀ ਨੂੰ ਮਹਿਜ਼ 1170 ਵੋਟਾਂ ਮਿਲਿਆਂ। ਪਿਹੋਵਾ ਸੀਟ ਤੋਂ ਕਾਂਗਰਸ ਉਮੀਦਵਾਰ ਮਨਦੀਪ ਚੱਠਾ ਜੇਤੂ ਰਹੇ, ਜਿਨ੍ਹਾਂ ਨੂੰ 64548 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਜੈ ਭਗਵਾਨ ਸ਼ਰਮਾ 57995 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ।
ਗੁਰਨਾਮ ਚੜੂਨੀ ਸੰਯੁਕਤ ਕਿਸਾਨ ਮੋਰਚਾ (SKM), 40 ਕਿਸਾਨ ਯੂਨੀਅਨਾਂ ਦੇ ਸਮੂਹ ਦਾ ਮੈਂਬਰ ਸੀ, ਜਿਸ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ, ਜੋ ਹੁਣ ਰੱਦ ਕਰ ਦਿੱਤੇ ਗਏ ਹਨ, ਵਿਰੁੱਧ ਇੱਕ ਸਾਲ ਤੋਂ ਵੱਧ ਲੰਬੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਾਲ 2021 ਵਿੱਚ ਆਪਣੀ ਸਿਆਸੀ ਪਾਰਟੀ ‘ਸੰਯੁਕਤ ਸੰਘਰਸ਼ ਪਾਰਟੀ’ ਬਣਾਈ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਰਾਜਨੀਤੀ ਨੂੰ ‘ਸ਼ੁੱਧ’ ਕਰਨਾ ਅਤੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇੱਥੇ ਕੁੱਲ 90 ਸੀਟਾਂ ਤੇ ਚੋਣਾਂ ਹੋਇਆ। ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 48 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਨੇ 37 ਸੀਟਾਂ ‘ਤੇ ਜਿੱਤ ਦਰਜ ਕੀਤੀ। ਚੋਣ ਕਮਿਸ਼ਨ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਸੂਬੇ ਵਿੱਚ ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ।
ਆਪੋ-ਆਪਣੇ ਹਲਕਿਆਂ ਤੋਂ ਜਿੱਤਣ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪਹਿਲਵਾਨ ਵਿਨੇਸ਼ ਫੋਗਾਟ, ਆਦਿਤਿਆ ਸੁਰਜੇਵਾਲਾ ਅਤੇ ਮਾਮਨ ਖਾਨ ਅਤੇ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਸ਼ਾਮਲ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਵਿਧਾਨ ਸਭਾ ਸਪੀਕਰ ਅਤੇ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ, ਇਨੈਲੋ ਦੇ ਅਭੈ ਸਿੰਘ ਚੌਟਾਲਾ, ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ ਅਤੇ ਭਾਜਪਾ ਆਗੂ ਓਪੀ ਧਨਖੜ ਸ਼ਾਮਲ ਹਨ। ਮੌਜੂਦਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਸੈਣੀ ਨੇ ਲਾਡਵਾ ਤੋਂ ਕਾਂਗਰਸ ਦੇ ਆਪਣੇ ਵਿਰੋਧੀ ਮੇਵਾ ਸਿੰਘ ਨੂੰ 16,054 ਵੋਟਾਂ ਨਾਲ ਹਰਾਇਆ।
ਫੋਗਾਟ ਨੇ ਮੰਗਲਵਾਰ ਨੂੰ ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੋਗੇਸ਼ ਕੁਮਾਰ ਨੂੰ 6,015 ਵੋਟਾਂ ਦੇ ਫਰਕ ਨਾਲ ਹਰਾ ਕੇ ਆਪਣੀ ਪਹਿਲੀ ਚੋਣ ਜਿੱਤੀ। ਭੂਪੇਂਦਰ ਸਿੰਘ ਹੁੱਡਾ (77) ਨੇ ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ ਭਾਜਪਾ ਦੀ ਮੰਜੂ ਹੁੱਡਾ ਨੂੰ 71,465 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਏਲਨਾਬਾਦ ਸੀਟ ਤੋਂ ਸਾਬਕਾ ਵਿਧਾਇਕ ਚੌਟਾਲਾ ਨੂੰ ਕਾਂਗਰਸ ਉਮੀਦਵਾਰ ਭਰਤ ਸਿੰਘ ਬੈਨੀਵਾਲ ਨੇ 15,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬਾਦਲੀ ਤੋਂ ਭਾਜਪਾ ਦੇ ਓਪੀ ਧਨਖੜ ਨੂੰ ਕਾਂਗਰਸ ਦੇ ਕੁਲਦੀਪ ਵਤਸ ਨੇ 16820 ਵੋਟਾਂ ਨਾਲ ਹਰਾਇਆ।