Gurdaspur News: ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਸਰਪੰਚੀ ਦੇ ਉਮੀਦਵਾਰਾਂ ਦੇ ਸਾਰੇ ਦੇ ਸਾਰੇ ਨਾਮਜਦਗੀ ਕਾਗਜ ਰੱਦ ਹੋਣ ਦੇ ਰੋਸ਼ ਵਜੋਂ ਨਹਿਰੂ ਪਾਰਕ ਵਿਖੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਇੱਕ ਪੈਦਲ ਮਾਰਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਰਿਹਾਇਸ਼ ’ਤੇ ਬਾਹਰ ਤੱਕ ਕੱਢਿਆ ਗਿਆ ਤੇ ਉਥੇ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸੂਬਾ ਸਰਕਾਰ ਦੇ ਖਿਲਾਫ ਵਰਕਰਾਂ ਵੱਲੋਂ ਜਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਜਾਣ ਬੁਝ ਕੇ ਕਾਗਜ ਰੱਦ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁਕਾਬਲੇ ਤੋਂ ਭੱਜ ਰਹੀ ਹੈ ਇਸ ਲਈ ਨਜਾਇਜ਼ ਹਥਕੰਡੇ ਅਪਣਾਉਂਦੇ ਹੋਏ ਕਾਗਜ਼ ਰੱਦ ਕਰਵਾਉਣ ਵੱਲ ਤੁਰ ਪਈ ਹੈ, ਜਿਸ ਦੇ ਵਿਰੁੱਧ ਉਹ ਹਾਈਕੋਰਟ ਦਾ ਰੁੱਖ ਕਰਨਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਅਤੇ ਨੌਜਵਾਨ ਭਾਜਪਾ ਆਗੂ ਬਘੇਲ ਸਿੰਘ ਬਾਹੀਆਂ ਜਿਨਾਂ ਦੇ ਖੁਦ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ ਨੇ ਦੱਸਿਆ ਕਿ ਭਾਜਪਾ ਨਾਲ ਸੰਬੰਧਿਤ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਹ ਇੱਕ ਵੱਡੀ ਸਾਜਿਸ਼ ਹੈ ਤੇ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਜਿਨਾਂ ਪਿੰਡਾਂ ਵਿੱਚ ਭਾਜਪਾ ਦੇ ਉਮੀਦਵਾਰ ਨਾਮਜਦਗੀਆਂ ਭਰ ਰਹੇ ਹਨ ਉਹਨਾਂ ਪਿੰਡਾਂ ਵਿੱਚ ਭਾਜਪਾ ਦਾ ਪੂਰਾ ਦਬਦਬਾ ਹੈ।
ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਜਪਾ ਤੋਂ ਜਿੱਤ ਹਾਸਲ ਨਹੀਂ ਕਰ ਸਕਦੇ। ਸੱਤਾ ’ਤੇ ਕਾਬਜ ਸਰਕਾਰ ਦੇ ਨੁਮਾਇੰਦਿਆਂ ਨੇ ਹਾਰ ਤੋਂ ਬਚਣ ਲਈ ਦੂਜਾ ਤਰੀਕਾ ਅਪਣਾਇਆ ਹੈ ਤੇ ਅਫਸਰਾਂ ਤੇ ਦਬਾਅ ਪਾ ਕੇ ਨਾਮਜਦਗੀ ਪੱਤਰ ਰੱਦ ਕਰਵਾ ਦਿੱਤੇ ਗਏ ਹਨ। ਲੋਕਤੰਤਰ ਦਾ ਵੱਡਾ ਘਾਣ ਜਿਲਾ ਗੁਰਦਾਸਪੁਰ ਵਿੱਚ ਹੋਇਆ ਹੈ ਪਰ ਉਹ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਧੱਕੇਸ਼ਾਹੀ ਦੇ ਖਿਲਾਫ ਅਦਾਲਤ ਦਾ ਸਹਾਰਾ ਲੈਣਗੇ।
ਹਿੰਦੂਸਥਾਨ ਸਮਾਚਾਰ