Kolkata News: ਪੱਛਮੀ ਬੰਗਾਲ ਦੇ ਬੈਰਕਪੁਰ ‘ਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਸ਼ੁੱਕਰਵਾਰ ਸਵੇਰੇ ਬੰਬ ਧਮਾਕੇ ਅਤੇ ਗੋਲੀਬਾਰੀ ਦੀ ਘਟਨਾ ਵਾਪਰੀ। ਅਰਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਇਸ ਹਮਲੇ ਵਿਚ ਉਸ ਦੇ ਸਰੀਰ ‘ਤੇ ਬੰਬ ਦੇ ਟੁਕੜੇ ਮਿਲੇ ਹਨ। ਇਹ ਘਟਨਾ ਬੈਰਕਪੁਰ ਦੇ ਭਾਟਪਾੜਾ ਸਥਿਤ ਉਨ੍ਹਾਂ ਦੇ ਘਰ ‘ਤੇ ਵਾਪਰੀ, ਜਦੋਂ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਤੇ ਇੱਟਾਂ, ਬੰਬਾਂ ਅਤੇ ਗੋਲੀਆਂ ਨਾਲ ਹਮਲਾ ਕੀਤਾ।
ਅਰਜਨ ਸਿੰਘ ਨੇ ਦੱਸਿਆ ਕਿ ਹਮਲੇ ਸਮੇਂ ਉਹ ਆਪਣੇ ਘਰ ਦੇ ਅੰਦਰ ਹੀ ਸੀ। ਉਸ ਦੇ ਸੁਰੱਖਿਆ ਕਰਮੀਆਂ ਅਤੇ ਸਟਾਫ ‘ਤੇ ਇੱਟਾਂ ਅਤੇ ਬੰਬ ਸੁੱਟੇ ਗਏ ਅਤੇ ਗੋਲੀਬਾਰੀ ਵੀ ਕੀਤੀ ਗਈ। ਉਨ੍ਹਾਂ ਕਿਹਾ, “ਮੈਂ ਘਰ ਦੇ ਅੰਦਰ ਸੀ ਅਤੇ ਮੇਰੇ ਸੁਰੱਖਿਆ ਕਰਮੀਆਂ ‘ਤੇ ਹਮਲਾ ਕੀਤਾ ਗਿਆ। ਇੱਥੋਂ ਦੇ ਵਿਧਾਇਕ (ਅਰਜਨ ਸਿੰਘ ਦੇ ਪੁੱਤਰ ਪਵਨ ਸਿੰਘ) ‘ਤੇ ਵੀ ਹਮਲਾ ਕੀਤਾ ਗਿਆ। ਮੇਰੇ ਪੈਰ ਵਿੱਚ ਬੰਬ ਦੇ ਟੁਕੜੇ ਹਨ।”
ਅਰਜੁਨ ਸਿੰਘ ਨੇ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਗੁੰਡਿਆਂ ਨੇ ਉਸ ਦੇ ਘਰ ਦੇ ਸਾਹਮਣੇ ਬੰਬ ਅਤੇ ਗੋਲੀਆਂ ਚਲਾਈਆਂ। ਉਨ੍ਹਾਂ ਮੁਤਾਬਕ ਪੁਲਿਸ ਦੀ ਮੌਜੂਦਗੀ ਵਿੱਚ 25 ਤੋਂ ਵੱਧ ਬੰਬ ਸੁੱਟੇ ਗਏ। ਬੰਬ ਸੁੱਟਣ ਤੋਂ ਬਾਅਦ ਹਮਲਾਵਰ ਫਾਇਰਿੰਗ ਕਰਦੇ ਹੋਏ ਭੱਜ ਗਏ। ਅਰਜੁਨ ਨੇ ਦੋਸ਼ ਲਾਇਆ ਕਿ ਸਥਾਨਕ ਕੌਂਸਲਰ ਦੇ ਪੁੱਤਰ ਅਤੇ 15-20 ਹੋਰ ਲੋਕਾਂ ਨੇ ਮਿਲ ਕੇ ਹਮਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਜਨ ਸਿੰਘ ‘ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ 2021 ਵਿੱਚ ਵੀ ਭਾਟਪਾੜਾ ਵਿੱਚ ਉਨ੍ਹਾਂ ਦੀ ਰਿਹਾਇਸ਼ ਮਜ਼ਦੂਰ ਭਵਨ ਵਿੱਚ ਬੰਬ ਧਮਾਕਾ ਹੋਇਆ ਸੀ। ਉਸ ਸਮੇਂ ਇਸ ਘਟਨਾ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ। ਅਰਜੁਨ ਸਿੰਘ ਨੇ ਉਦੋਂ ਦੋਸ਼ ਲਾਇਆ ਸੀ ਕਿ ਉਸ ‘ਤੇ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਨੇ ਭਵਾਨੀਪੁਰ ਉਪ ਚੋਣ ‘ਚ ਭਾਜਪਾ ਦੀ ਤਰਫੋਂ ਨਿਗਰਾਨ ਦੀ ਭੂਮਿਕਾ ਨਿਭਾਈ ਸੀ। ਮਮਤਾ ਬੈਨਰਜੀ ਉਸ ਉਪ ਚੋਣ ਵਿਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਸੀ। ਹਾਲਾਂਕਿ ਅਰਜੁਨ ਸਿੰਘ ਕੁਝ ਮਹੀਨਿਆਂ ਬਾਅਦ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ ਸਨ ਪਰ ਲੋਕ ਸਭਾ ਚੋਣਾਂ 2024 ‘ਚ ਟਿਕਟ ਨਾ ਮਿਲਣ ‘ਤੇ ਉਹ ਮੁੜ ਭਾਜਪਾ ‘ਚ ਪਰਤ ਆਏ ਸਨ। ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੇ ਬਾਵਜੂਦ ਉਹ ਬੈਰਕਪੁਰ ਤੋਂ ਜਿੱਤ ਨਹੀਂ ਸਕੇ।