Patna News: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਅਤੇ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸਾਂਝੇ ਤੌਰ ‘ਤੇ ਐਨਆਈਏ ਦੇ ਹੀ ਇੱਕ ਅਧਿਕਾਰੀ ਅਤੇ ਉਨ੍ਹਾਂ ਦੇ ਦੋ ਏਜੰਟਾਂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਧਿਕਾਰੀ ਅਜੇ ਪ੍ਰਤਾਪ ਸਿੰਘ ਐਨਆਈਏ ਦੀ ਪਟਨਾ ਸ਼ਾਖਾ ਵਿੱਚ ਡਿਪਟੀ ਸੁਪਰਡੈਂਟ ਆਫ਼ ਪੁਲਿਸ ਹੈ। ਉਸ ਵਿਰੁੱਧ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਸੀਬੀਆਈ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਜਿਸਦੇ ਅਨੁਸਾਰ ਰਮਈਆ ਕੰਸਟਰਕਸ਼ਨ ਦੇ ਮਾਲਕ ਰੌਕੀ ਯਾਦਵ ਨੇ ਐਨਆਈਏ ਪਟਨਾ ਸ਼ਾਖਾ ਦੇ ਉਪ ਪੁਲਿਸ ਕਪਤਾਨ ਅਜੇ ਪ੍ਰਤਾਪ ਸਿੰਘ ‘ਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਸੀ। ਸੀਬੀਆਈ ਨੇ ਇਸਦੀ ਜਾਂਚ ਕੀਤੀ ਅਤੇ ਸ਼ਿਕਾਇਤ ਨੂੰ ਸਹੀ ਪਾਏ ਜਾਣ ਤੋਂ ਬਾਅਦ, ਐਨਆਈਏ ਨਾਲ ਮਿਲ ਕੇ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮ ਡਿਪਟੀ ਸੁਪਰਡੈਂਟ ਪੁਲਿਸ ਅਜੈ ਪ੍ਰਤਾਪ ਸਿੰਘ ਅਤੇ ਉਸਦੇ ਦੋ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ। ਸੀਬੀਆਈ ਅਤੇ ਐਨਆਈਏ ਦੀ ਟੀਮ ਨੇ ਉਸਨੂੰ ਸ਼ਿਕਾਇਤਕਰਤਾ ਰੌਕੀ ਯਾਦਵ ਤੋਂ 20 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਐਨਆਈਏ ਨੇ ਰੌਕੀ ਯਾਦਵ ਦੀ ਕੰਪਨੀ ਅਤੇ ਉਸਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਇੱਥੋਂ 1.5 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਰਾਮਦ ਹੋਈ ਸੀ। ਇਸ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਉਪ ਪੁਲਿਸ ਕਪਤਾਨ ਅਜੇ ਪ੍ਰਤਾਪ ਸਿੰਘ ਸਨ। ਇਸ ਮਾਮਲੇ ‘ਚ ਉਹ ਆਪਣੇ ਏਜੰਟ ਰਾਹੀਂ ਰਿਸ਼ਵਤ ਲੈ ਰਹੇ ਸੀ, ਜਿਸ ਦੀ ਸ਼ਿਕਾਇਤ ਰੌਕੀ ਯਾਦਵ ਨੇ ਸੀ.ਬੀ.ਆਈ. ਨੂੰ ਦਿੱਤੀ। ਸ਼ਿਕਾਇਤਕਰਤਾ ਰੌਕੀ ਯਾਦਵ ਜੇਡੀਯੂ ਦੀ ਸਾਬਕਾ ਐਮਐਲਸੀ ਮਨੋਰਮਾ ਦੇਵੀ ਦਾ ਪੁੱਤਰ ਹੈ।
ਹਿੰਦੂਸਥਾਨ ਸਮਾਚਾਰ