New Delhi: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਰੱਗਜ਼ ਦੀ ਵੱਡੀ ਖੇਪ ਫੜੇ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੌਜਵਾਨਾਂ ਨੂੰ ਡਰੱਗਜ਼ ਦੀ ਹਨੇਰੀ ਵਿੱਚ ਲਿਜਾਣਾ ਚਾਹੁੰਦੀ ਹੈ।
ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦਿਆਂ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ‘ਨਸ਼ਾ ਮੁਕਤ ਭਾਰਤ’ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਹੀ ਹੈ, ਉੱਥੇ ਹੀ ਉੱਤਰੀ ਭਾਰਤ ਤੋਂ ਫੜੇ ਗਏ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਖੇਪ ਵਿੱਚ ਕਾਂਗਰਸ ਦੇ ਇੱਕ ਪ੍ਰਮੁੱਖ ਵਿਅਕਤੀ ਦੀ ਸ਼ਮੂਲੀਅਤ ਬਹੁਤ ਖ਼ਤਰਨਾਕ ਅਤੇ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ’ਚ ਡਰੱਗਜ਼ ਨਾਲ ਪੰਜਾਬ, ਹਰਿਆਣਾ ਅਤੇ ਪੂਰੇ ਉੱਤਰੀ ਭਾਰਤ ਵਿੱਚ ਨੌਜਵਾਨਾਂ ਦਾ ਜੋ ਹਾਲ ਹੋਇਆ, ਉਹ ਸਭ ਨੇ ਦੇਖਿਆ ਹੈ। ਜਿੱਥੇ ਮੋਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਇਨੋਵੇਸ਼ਨ ਵੱਲ ਲੈ ਕੇ ਜਾ ਰਹੀ ਹੈ, ਉੱਥੇ ਹੀ ਕਾਂਗਰਸ ਉਨ੍ਹਾਂ ਨੂੰ ਡਰੱਗਜ਼ ਦੀ ਹਨੇਰੀ ਦੁਨੀਆਂ ਵਿੱਚ ਲਿਜਾਣਾ ਚਾਹੁੰਦੀ ਹੈ।
ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਕਾਂਗਰਸੀ ਆਗੂ ਵੱਲੋਂ ਆਪਣੇ ਸਿਆਸੀ ਪ੍ਰਭਾਵ ਨਾਲ ਨੌਜਵਾਨਾਂ ਨੂੰ ਡਰੱਗਜ਼ ਦੇ ਦਲਦਲ ’ਚ ਝੋਕਣ ਦਾ ਜੋ ਪਾਪ ਕੀਤਾ ਜਾਣਾ ਸੀ, ਉਨ੍ਹਾਂ ਇਰਾਦਿਆਂ ਨੂੰ ਮੋਦੀ ਸਰਕਾਰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ। ਸਾਡੀ ਸਰਕਾਰ ਡਰੱਗਜ਼ ਦੇ ਕਾਰੋਬਾਰੀਆਂ ਦੀ ਸਿਆਸੀ ਸਥਿਤੀ ਜਾਂ ਰੁਤਬੇ ਦੀ ਪਰਵਾਹ ਕੀਤੇ ਬਿਨਾਂ ਸਮੁੱਚੇ ਡਰੱਗ ਸਿਸਟਮ ਨੂੰ ਤਬਾਹ ਕਰਕੇ ‘ਨਸ਼ਾ ਮੁਕਤ ਭਾਰਤ’ ਬਣਾਉਣ ਲਈ ਦ੍ਰਿੜ ਹੈ।
ਹਿੰਦੂਸਥਾਨ ਸਮਾਚਾਰ